ਕਾਂਗਰਸੀਆਂ ਨੇ ਕੀਤਾ ਖਹਿਰਾ ਦੀ ਗੱਡੀ ਦਾ ਘਿਰਾਉ
ਅੱਜ ਫ਼ਿਰੋਜ਼ਪੁਰ ਵਿਖੇ ਝੋਕ ਹਰੀ ਹਰ ਦੀ 26 ਏਕੜ ਜ਼ਮੀਨ ਨੂੰ ਬਚਾਉਣ ਵਾਸਤੇ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ...
ਫ਼ਿਰੋਜ਼ਪੁਰ, ਅੱਜ ਫ਼ਿਰੋਜ਼ਪੁਰ ਵਿਖੇ ਝੋਕ ਹਰੀ ਹਰ ਦੀ 26 ਏਕੜ ਜ਼ਮੀਨ ਨੂੰ ਬਚਾਉਣ ਵਾਸਤੇ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪਹੁੰਚੇ। ਉਸ ਵੇਲੇ ਅੱਜ ਮਾਹੌਲ ਗਰਮਾ ਗਿਆ ਜਦੋਂ ਸੁਖਪਾਲ ਖਹਿਰਾ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨਾਲ ਗੱਲਬਾਤ ਕਰ ਕੇ ਗੁਰੂਹਰਸਹਾਏ ਵਿਖੇ ਜਾਣ ਲੱਗੇ ਤਾਂ ਕਾਂਗਰਸੀਆਂ ਅਤੇ ਹੋਰ ਇਨ੍ਹਾਂ ਦੀਆਂ ਸੰਘਰਸ਼ ਕਮੇਟੀਆਂ ਵਲੋਂ ਖਹਿਰਾ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਦੀ ਵੀ ਗੱਲਬਾਤ ਸੁਣਨ। ਖਹਿਰਾ ਦਾ ਕਾਂਗਰਸੀਆਂ ਨੂੰ ਜਵਾਬ ਸੀ ਕਿ ਉਹ ਅਪਣੀ ਗੱਲਬਾਤ ਅਪਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਸਣ। ਇਸੇ ਗੱਲ ਨੂੰ ਲੈ ਕੇ ਭੜਕੇ ਕਾਂਗਰਸੀਆਂ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਖਹਿਰਾ ਦੀ ਗੱਡੀ ਦਾ ਘਿਰਾਉ ਕਰ ਕੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ।
ਜਦੋਂ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਠੰਡਾ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਾਂਗਰਸੀਆਂ ਵਲੋਂ ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਸੱਟਾਂ ਵੀ ਲੱਗੀਆਂ। ਇਥੇ ਵਿਸੇਸ਼ ਤੌਰ 'ਤੇ ਦੱਸ ਦਈਏ ਕਿ ਘਿਰਾਉ ਕਰਨ ਵਾਲਿਆਂ ਵਿਚ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਪੀਐਸਓ ਕਰਨੈਲ ਸਿੰਘ ਸੀ ਜਿਸ ਨੇ ਪੁਲਿਸ ਮੁਲਾਜ਼ਮਾਂ 'ਤੇ ਵਰ ਰਹੇ ਡੰਡਿਆਂ ਨੂੰ ਰੋਕਣ ਦੀ ਬਜਾਏ ਕਾਂਗਰਸੀਆਂ ਦਾ ਸਾਥ ਦਿਤਾ। ਇਸ ਮੌਕੇ ਲੜਾਈ ਵੱਧਦੀ ਨੂੰ ਵੇਖ ਕੇ ਸੁਖਪਾਲ ਖਹਿਰਾ ਖ਼ੁਦ ਗੱਡੀ ਵਿਚੋਂ ਬਾਹਰ ਨਿਕਲੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਾਂਗਰਸੀਆਂ ਨੂੰ ਗੁੰਡੇ ਦਸਦੇ ਹੋਏ ਕਿਹਾ ਕਿ ਇਹ ਅਕਾਲੀਆਂ ਤੋਂ ਵੀ ਵੱਡੇ ਗੁੰਡੇ ਹਨ। ਇਨ੍ਹਾਂ ਲੋਕਾਂ ਨੂੰ ਕਿਸੇ ਵੀ ਮਾਂ ਭੈਣ ਜਾਂ ਵੱਡੇ ਛੋਟੇ ਦਾ ਲਿਹਾਜ ਨਹੀਂ।