ਖ਼ਾਨਦਾਨ ਦਾ ਨੱਕ ਬਚਾਉਣ ਦੇ ਨਾਂ 'ਤੇ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ
ਸਰਹੱਦੀ ਕਸਬਾ ਖੇਮਕਰਨ ਵਿਖੇ ਪ੍ਰੇਮ ਸਬੰਧਾਂ ਦਾ ਸ਼ੱਕ ਪੈਣ 'ਤੇ ਲੜਕੀ ਪਰਵਾਰ ਵਲੋਂ ਅਣਖ ਖ਼ਾਤਰ ਅਪਣੀ ਲੜਕੀ ਅਤੇ ਗੁਵਾਂਢ ਵਿਚ ਰਹਿਣ ਵਾਲੇ ਲੜਕੇ ...
ਪੱਟੀ/ਖੇਮਕਰਨ: ਸਰਹੱਦੀ ਕਸਬਾ ਖੇਮਕਰਨ ਵਿਖੇ ਪ੍ਰੇਮ ਸਬੰਧਾਂ ਦਾ ਸ਼ੱਕ ਪੈਣ 'ਤੇ ਲੜਕੀ ਪਰਵਾਰ ਵਲੋਂ ਅਣਖ ਖ਼ਾਤਰ ਅਪਣੀ ਲੜਕੀ ਅਤੇ ਗੁਵਾਂਢ ਵਿਚ ਰਹਿਣ ਵਾਲੇ ਲੜਕੇ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧ ਵਿਚ ਮ੍ਰਿਤਕ ਦੇ ਪਿਤਾ ਪਰਵਿੰਦਰ ਸਿੰਘ ਨੇ ਪੁਲਿਸ ਨੂੰ ਇਤਲਾਹ ਦਿਤੀ ਕਿ ਉਹ ਕਸਬੇ ਦੀ ਵਾਰਡ ਨੰ 2 ਦਾ ਵਸਨੀਕ ਹਨ। ਬੀਤੇ ਦਿਨ ਸ਼ਾਮ ਸਮੇਂ ਮੇਰਾ ਛੋਟਾ ਲੜਕਾ ਹੁਸਨਪ੍ਰੀਤ ਸਿੰਘ (21) ਘਰ ਕੋਲ ਹੀ ਹਵੇਲੀ ਵਿਚ ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਗਿਆ ਸੀ ਜੋ ਕਿ ਦੇਰ ਸ਼ਾਮ ਤਕ ਘਰ ਨਹੀਂ ਪਰਤਿਆ ਅਸੀ ਸਮਝਿਆ ਕਿ ਹੋ ਸਕਦਾ ਹੈ ਕਿ ਉਹ ਅਪਣੇ ਕਿਸੇ ਦੋਸਤ ਦੇ ਘਰ ਗਿਆ ਹੋਵੇਗਾ ਪਰ ਉਹ ਰਾਤ ਪੈ ਜਾਣ ਤਕ ਵੀ ਘਰ ਨਹੀਂ ਆਇਆ। ਅੱਜ ਸਵੇਰੇ ਜਦ ਮੈਂ ਡੰਗਰਾਂ ਦੀ ਹਵੇਲੀ ਵਲ ਗਿਆ ਤਾਂ ਜੱਸਾ ਸਿੰਘ, ਉਸ ਦਾ ਭਰਾ ਹਰਪਾਲ ਸਿੰਘ ਅਤੇ ਸ਼ੇਰ ਸਿੰਘ ਚਿੱਟੇ ਰੰਗ ਦੇ ਕਪੜੇ ਵਿਚ ਕੁੱਝ ਲਪੇਟ ਕੇ ਸਾਹਮਣੇ ਹੀ ਦੂਸਰੇ ਘਰ ਬੋਹੜ ਸਿੰਘ ਅਤੇ ਹਰਪਾਲ ਸਿੰਘ ਦਾ ਹੈ ਵਿਚ ਵੜੇ ਸੀ। ਇਸ ਦੌਰਾਨ ਸ਼ਰੀਕੇ ਵਿਚ ਮੇਰੇ ਭਰਾ ਲੱਗਦੇ ਦਯਾ ਸਿੰਘ ਨੇ ਦਸਿਆ ਕਿ ਕਲ ਉਸ ਨੇ ਹਸਨਪ੍ਰੀਤ ਸਿੰਘ ਨੂੰ ਜੱਸਾ ਸਿੰਘ ਅਤੇ ਸ਼ੇਰ ਸਿੰਘ ਨੂੰ ਗਲੀ ਵਿਚੋਂ ਅਪਣੇ ਘਰ ਫੜ ਕੇ ਲਿਜਾਂਦੇ ਹੋਏ ਵੇਖਿਆ ਸੀ।
ਮੁਦਈ ਨੇ ਦਸਿਆ ਕਿ ਜੱਸਾ ਸਿੰਘ ਤੇ ਉਸ ਦੀ ਪਤਨੀ ਨੂੰ ਮੇਰੇ ਲੜਕੇ 'ਤੇ ਸ਼ੱਕ ਸੀ ਕਿ ਹੁਸਨਪ੍ਰੀਤ ਸਿੰਘ ਦੇ ਉਨ੍ਹਾਂ ਦੀ ਲੜਕੀ ਰਮਨਦੀਪ ਨਾਲ ਪ੍ਰੇਮ ਸਬੰਧ ਸਨ। ਇਨ੍ਹਾਂ ਦੇ ਲੜਕੇ ਘੁੱਲਾ ਸਿੰਘ, ਰਾਣਾ ਅਤੇ ਅਕਾਸ਼ ਨੇ ਹਮਸਲਾਹ ਹੋ ਕੇ ਮੇਰੇ ਪੁੱਤਰ ਹਸਨਪ੍ਰੀਤ ਤੇ ਅਪਣੀ ਲੜਕੀ ਰਮਨਦੀਪ ਕੌਰ ਦਾ ਕਤਲ ਕੀਤਾ ਹੈ ਤੇ ਲਾਸ਼ਾਂ ਛੁਪਾ ਲਈਆਂ ਹਨ ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਗਈ।
ਤਫ਼ਤੀਸ਼ ਦੌਰਾਨ ਹਸਨਪ੍ਰੀਤ ਸਿੰਘ ਦੀ ਲਾਸ਼ ਜੱਸਾ ਸਿੰਘ ਦੇ ਘਰੋਂ ਘਰ ਵਿਚ ਬਣਾਏ ਗਏ ਗਟਰ ਵਿਚੋਂ ਬਰਾਮਦ ਹੋਈ ਜਦਕਿ ਲੜਕੀ ਰਮਨਦੀਪ ਦੀ ਲਾਸ਼ ਸ਼ਾਹਮਣੇ ਘਰ ਵਿਚੋਂ ਬਰਾਮਦ ਹੋਈ। ਇਨ੍ਹਾਂ ਲਾਸ਼ਾ ਨੂੰ ਐਸ ਡੀ ਐਮ ਪੱਟੀ ਦੀ ਹਾਜ਼ਰੀ ਵਿਚ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਸਥਿਤੀ ਨੂੰ ਵੇਖਦਿਆ ਹੋਇਆਂ ਐਸ ਐਸ ਪੀ ਤਰਨਤਾਰਨ ਦਰਸ਼ਨ ਸਿੰਘ ਮਾਨ, ਡੀ ਐਸ ਪੀ ਭਿਖੀਵਿੰਡ ਸੁਲੱਖਣ ਸਿੰਘ ਮਾਨ ਨੇ ਵੀ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ।
ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦਸਿਆ ਕਿ ਪ੍ਰੇਮ ਸਬੰਧਾਂ ਦੇ ਸ਼ੱਕ ਕਾਰਨ ਲੜਕੀ ਪਰਵਾਰ ਵਲੋਂ ਇਸ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿਤਾ ਗਿਆ ਹੈ। ਮੁਦਈ ਦੇ ਬਿਆਨਾਂ ਦੇ ਆਧਾਰ ਤੇ ਅੱਠ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।