ਚੋਣ ਲੜਨ ਦਾ ਸ਼ੌਂਕ ਸੀ ਤਾਂ ਸੁਖਪਾਲ ਖਹਿਰਾ ਦੁਆਬੇ ਤੋਂ ਲੜ ਲੈਂਦਾ : ਪ੍ਰੋ. ਬਲਜਿੰਦਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਅਤੇ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕਾ...

Pro. Baljinder Kaur

ਚੰਡੀਗੜ੍ਹ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਅਤੇ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਪੋਕਸਮੈਨ TV ਦੇ ਸੀਨੀਅਰ ਪੱਤਰਕਾਰ ‘ਨੀਲ ਭਲਿੰਦਰ ਸਿੰਘ’ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਅਤੇ ਕੇਂਦਰ ਦੀ ਸਿਆਸਤ ਨੂੰ ਲੈ ਕੇ ਕੁਝ ਅਹਿਮ ਤੱਥ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਜਿਹੜਾ ਤੁਹਾਡੀਆਂ ਗੱਡੀਆਂ ਦੇ ਕਾਫ਼ਲੇ ‘ਤੇ ਹਮਲਾ ਹੋਇਆ ਹੈ ਉਸ ਬਾਰੇ ਦੱਸੋ?

ਜਵਾਬ: ਕੱਲ੍ਹ ਅਸੀਂ 10 ਤੋਂ ਲੈ ਕੇ 11 ਵਜੇ ਦੇ ਵਿਚਕਾਰ ਚੋਣ ਮੁਹਿੰਮ ਅਪਣੀ ਖ਼ਤਮ ਕਰਕੇ ਜਾ ਰਹੇ ਸੀ ਤਾਂ ਜਿੱਥੇ ਹਾਜੀਰਤਨ ਚੌਂਕ ਨੇੜੇ ਅਚਾਨਕ ਇਕ ਮੋਟਰਸਾਇਕਲ ਆ ਕੇ ਗੱਡੀ ਦੇ ਵਿਚ ਟਕਰਾਉਂਦਾ ਹੈ। ਤਾਂ ਸਿਕੁਰਿਟੀ ਗਾਰਡ ਉਤਰ ਕੇ ਦੇਖਦਾ ਹੈ ਤੇ ਉਸ ਨੂੰ ਪੁਛਦਾ ਹੈ ਕਿ ਤੈਨੂੰ ਦਿਖਦਾ ਨੀ ਹੈ ਸੋ ਨਾਲ ਦੀ ਨਾਲ ਉਹ ਝੜਪ ਕੇ 15, 20 ਜਣੇ ਇਕੱਠੇ ਹੋ ਕੇ ਆ ਜਾਂਦੇ ਹਨ ਤੇ ਮੇਰੇ ਗੰਨਮੈਨ ਨੂੰ ਵਰਦੀ ਤੋਂ ਫੜ੍ਹ ਕੇ ਖਿੱਚਣਾ ਸ਼ੁਰੂ ਕਰ ਦਿੰਦੇ ਹਨ ਨਾਲ ਹੀ ਪਿਛੇ ਮੇਰੀ ਗੱਡੀ ਸੀ ਉਸ ਨੂੰ ਭੰਨਣਾ ਸ਼ੁਰੂ ਕਰ ਦਿੰਦੇ ਹਨ ਤੇ ਮੇਰੀ ਗੱਡੀ ਦੀਆਂ ਤਾਕੀਆਂ ਖੋਲਣਾ ਸ਼ੁਰੂ ਕਰ ਦਿੰਦੇ ਹਨ, ਉਤੇ ਚੜ੍ਹ ਜਾਂਦੇ ਹਨ।

ਉਨ੍ਹਾਂ ਸਾਰਿਆਂ ਦੀ ਸ਼ਰਾਬ ਪੀਤੀ ਹੁੰਦੀ ਹੈ। 11 ਵਜੇ ਰਾਤ ਨੂੰ ਠੇਕਾ ਖੁੱਲ੍ਹਣ ਦਾ ਕੀ ਕੰਮ ਹੈ, ਸਰਕਾਰ ਕੀ ਸੁੱਤੀ ਪਈ ਹੈ। ਉੱਥੇ ਵਰਦੀ ਪਾ ਕੇ 4,5 ਜਣੇ ਪ੍ਰਸਾਸ਼ਨ ਦੇ ਮੈਂਬਰ ਖੜ੍ਹੇ ਹੁੰਦੇ ਹਨ ਜਦਕਿ ਮੈਂ ਚੀਕ-ਚੀਕ ਕੇ ਮੈਂ ਕਹਿ ਰਹੀ ਆ ਕੇ ਇਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ, ਇਨ੍ਹਾਂ ਨੂੰ ਫੜ੍ਹੋ ਇਹ ਹੁੱਲੜਬਾਜੀ ਕਰਦੇ ਹਨ। ਉਥੇ ਧਰਨਾ ਲਾਉਣ ਤੋਂ ਬਾਅਦ ਫੇਰ ਕਿਤੇ 2 ਘੰਟਿਆਂ ਬਾਅਦ ਪ੍ਰਸ਼ਾਸ਼ਨ ਦੇ ਨੁਮਾਇੰਦੇ ਡੀਐਸਪੀ, ਐਸਐਚਓ ਆਉਂਦੇ ਹਨ ਫੇਰ ਕਿਤੇ ਜਾ ਕੇ ਰਿਪੋਰਟ ਲਿਖਦੇ ਹਨ।

ਮਤਲਬ ਇਥੇ ਕੋਈ ਸਿਸਟਮ ਨੀ ਹੈ ਕਾਨੂੰਨ ਦਾ। ਇਹ ਅੱਜ ਨੀ ਹੋਇਆ ਬਲਕਿ ਇਹ ਤੀਜੀ ਵਾਰ ਹੋਇਆ ਹੈ। ਇਸ ਪਹਿਲਾਂ ਦੋ ਵਾਰੀ ਦੋ ਗੱਡੀਆਂ ਜਿਨ੍ਹਾਂ ਪਿੱਛੇ ਕਾਂਗਰਸ ਦੇ ਟੈਗ ਤੇ ਦੂਜੇ ਵਾਰੀ ਬਿਨ੍ਹਾ ਕਿਸੇ ਟੈਗ ਦੇ ਗੱਡੀਆਂ ਸਾਡੀਆਂ ਗੱਡੀਆਂ ਨੂੰ ਇਸ ਤਰ੍ਹਾਂ ਹਿੱਟ ਕਰਦੀ ਹੈ ਕਦੇ ਸੱਜਿਓ ਕਦੇ ਖੱਬਿਓ ਤੇ ਅਸੀਂ ਬਚ-ਬਚਾ ਕੇ ਪਿੰਡ ਤੱਕ ਪਹੁੰਚਣ ਦੀ ਜਲਦੀ ਹੁੰਦੀ ਹੈ। ਮੈਂ ਪਹਿਲਾਂ ਵੀ ਐਸਐਸਪੀ ਸਾਬ੍ਹ ਨੂੰ ਦੋ ਵਾਰ ਇਹ ਚੀਜ਼ ਨੋਟ ਕਰਾ ਦਿੱਤੀ ਸੀ। ਜੇ ਹੁਣ ਵੀ ਪ੍ਰਸਾਸ਼ਨ ਨੂੰ ਇਸ ਬਾਰੇ ਸੋਚਣ ਦੀ ਲੋੜ ਨਹੀਂ ਹੈ ਫਿਰ ਤਾਂ ਰੱਬ ਹੀ ਰਾਖਾ।

ਸਵਾਲ: ਹਰਸਿਮਰਤ ਕੌਰ ਬਾਦਲ ਮੌਜੂਦਾ ਐਮਪੀ ਵੀ ਹਨ ਬਠਿੰਡਾ ਹਲਕੇ ਤੋਂ ਉਹ ਵੀ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਦੀ ਸਿਕੁਰਿਟੀ ਦੇ ਵਿਚ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਉਨ੍ਹਾਂ ਦੀ ਸੂਹ ਦੇ ਰਹੇ ਹਨ ਤੇ ਕਾਂਗਰਸ ਵੱਲ ਵੱਧ ਭੁਗਤ ਰਹੇ ਹਨ। ਤੁਹਾਨੂੰ ਲਗਦਾ ਕਿ ਪੰਜਾਬ ਪੁਲਿਸ ਵਿਰੋਧੀਆਂ ਦੇ ਖ਼ਤਰਾ ਸਾਬਤ ਹੋ ਰਹੀ ਹੈ।

ਜਵਾਬ: ਸਿਮਰਤ ਹੁਰਾਂ ਤਾਂ ਪਹਿਲਾਂ ਵੀ 10 ਸਾਲ ਐਮਪੀ ਰਹਿ ਚੁੱਕੇ ਹਨ ਤੇ ਵੱਡਾ ਲੰਮਾ ਸਮਾਂ ਬਾਦਲ ਸਾਹਿਬ ਮੁੱਖ ਮੰਤਰੀ ਰਹਿ ਚੁੱਕੇ ਹਨ ਜੇ ਉਹ ਗੱਲਾਂ ਕਰਨ ਤਾਂ ਉਨ੍ਹਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਉਨ੍ਹਾਂ ਨੇ ਤਾਂ ਆਪ ਹੀ ਇਹ ਸਿਸਟਮ ਇਸ ਤਰ੍ਹਾਂ ਹੀ ਕੀਤੇ ਹੋਏ ਸੀ। ਜਿਵੇਂ ਹੁਣ ਚੱਲ ਰਹੇ ਹਨ। ਜਦੋਂ ਆਪ ਆਪਣੇ ਹੱਥੀ ਕੀਤਾ ਹੋਵੇ ਤਾਂ ਦੂਜਿਆਂ ਨੂੰ ਕਹਿਣ ਦਾ ਮਤਲਬ ਨੀ ਬਣਦਾ ਪਰ ਜਿੱਥੋਂ ਤੱਕ ਅਪਣਾ ਸਵਾਲ ਹੈ ਤਾਂ ਮੈਂ ਕਹਾਂਗੀ ਕਿ ਥੋਕ ਬਚਾ ਕੇ ਬਿਲਕੁਲ ਸਰਕਾਰ ਨੇ ਅੱਜ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹੋਈਆਂ ਹਨ। ਕੋਈ ਲਾਅ ਐਂਡ ਆਡਰ ਨੀ ਹੈ ਕਿਤੇ ਵੀ ਕੋਈ ਸਿਸਟਮ ਨੀ ਹੈ।

ਸਵਾਲ: ਤੁਹਾਡੀ ਚੋਣ ਮੁਹਿੰਮ ਕਿਵੇਂ ਚੱਲ ਰਹੀ ਹੈ, ਖਾਸ ਕਰਕੇ ਗੁਆਢੀ ਸੀਟ ਸੰਗਰੂਰ ਤੋਂ ਵੱਡੇ ਫ਼ਰਕ ਨਾਲ ਆਪ ਦੇ ਭਗਵੰਤ ਮਾਨ ਨੇ ਸੀਟ ਜਿੱਤੀ ਸੀ? 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਤੋਂ ਹੀ ਸਭ ਤੋਂ ਵੱਧ ਕਾਬਲ ਪਾਰਟੀ ਆਮ ਆਦਮੀ ਪਾਰਟੀ ਸੀ?

ਜਵਾਬ: ਕੋਈ ਵੀ ਐਮਐਲਏ ਵੱਡਾ ਨੀ ਹੁੰਦਾ ਲੋਕ ਵੱਡੇ ਹੁੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਿਤਾਇਆ ਹੁੰਦਾ ਹੈ। 2014 ਦੇ ਵਿਚ ਚਾਰ ਸੀਟਾਂ ਆਈਆਂ ਸੀ ਐਮਪੀ ਦੀਆਂ, ਮੈਂ ਕਹਾਂਗੀ ਜੋ ਕੇਡਰ ਹੈ ਆਮ ਆਦਮੀ ਪਾਰਟੀ ਦਾ ਉਥੇ ਹੀ ਖੜ੍ਹਾ ਹੈ ਉਥੇ ਹੀ ਸਟੈਂਡ ਕਰਦਾ ਹੈ। ਕਿਉਂਕਿ ਸਾਫ਼ ਦਿਖਦਾ ਹੈ ਅਸੀਂ ਤਾਂ ਗੱਲ ਹੀ ਮੁਕਾ ਦਿੱਤੀ ਕਿ ਆਪ ਦੀ ਸਰਕਾਰ ਨੀ ਆਈ ਪਰ ਜਿਨ੍ਹਾਂ ਦੀ ਸਰਕਾਰ ਆਈ ਉਨ੍ਹਾਂ ਨੇ ਕੀ ਕੰਮ ਕੀਤਾ ਹੁਣ ਤੱਕ ਇਕ ਵੀ ਕੰਮ ਸਰਕਾਰ ਵਾਲਿਆਂ ਤੋਂ ਕੰਮ ਨੀ ਹੋਇਆ। ਸੋ ਅੱਜ ਲੋਕ ਚਾਹੁੰਦੇ ਹਨ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਵੋਟ ਨਹੀਂ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਕਰਨਗੇ ਤੇ ਲੋਕ ਤਿਆਰ ਵੀ ਬੈਠੇ ਹਨ ਤੇ 19 ਨੂੰ ਪਤਾ ਵੀ ਲੱਗ ਜਾਵੇਗਾ।

ਸਵਾਲ: ਤੁਹਾਡੀ ਪਾਰਟੀ ਵਿਚ ਪਿਛਲੇ ਸਾਲ ਜੁਲਾਈ ‘ਚ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਫੁੱਟ ਪੈਂਦੀ ਹੈ ਤਾਂ ਜੋ ਵੱਡਾ ਸੈਕਸ਼ਨ ਹੈ ਉਹ ਸੁਖਪਾਲ ਖਹਿਰਾ ਦੇ ਨਾਲ ਜਾਂਦਾ ਹੈ। ਤਾਂ ਉਹ ਸਭ ਤੋਂ ਪਹਿਲਾਂ ਬਠਿੰਡਾ ਦੇ ਵਿਚ ਸੰਮੇਲਨ ਕਰਦੇ ਹਨ ਤਾਂ ਤੁਹਾਡਾ ਕੇਡਰ ਹੈ ਜਾਂ ਇਥੋਂ ਦੇ ਜੋ ਵੋਟਰ ਹਨ ਕੀ ਤੁਹਾਨੂੰ ਲਗਦੈ ਕਿ ਉਸ ਸੰਮੇਲਨ ਨਾਲ ਉਸ ਨੂੰ ਕੋਈ ਫ਼ਰਕ ਪਿਆ ਹੈ?

ਜਵਾਬ: ਸਾਡੀ ਸਭ ਦੀ ਹੋਂਦ ਹੈ ਜਿਹੜੀ ਉਹ ਪਾਰਟੀ ਦੇ ਨਾਲ ਹੈ। ਜੇ ਕੋਈ ਇਹ ਸੋਚਦੈ ਕਿ ਮੈਂ ਇਕੱਲਾ ਹੀ ਵੱਡਾ ਤਾਂ ਕੋਈ ਵੱਡਾ ਨਾ ਹੈ। ਕੋਈ ਫ਼ਰਕ ਨੀ ਪੈਂਦਾ ਪਹਿਲਾਂ ਵੀ ਬਥੇਰੇ ਸੰਮੇਲਨ ਕੀਤੇ ਹਨ। ਪਾਰਟੀ ਦੀ ਮੌਜੂਦਗੀ ਉਹ ਪਾਰਟੀ ਵਿਚ ਹੀ ਹੁੰਦੀ ਹੈ। 

ਸਵਾਲ: ਇਸ ਸਮੇਂ ਤੁਸੀਂ ਸੁਖਪਾਲ ਸਿੰਘ ਖਹਿਰਾ ਨੂੰ ਅਪਣੇ ਸਾਹਮਣੇ ਕਿਥੇ ਖੜ੍ਹਾ ਮੰਨਦੇ ਹੋ?

ਜਵਾਬ: ਕੋਈ ਇਕ ਇਨਸਾਨ ਨੀ ਹੈ ਉਨ੍ਹਾਂ ਦੇ ਨਾਲ, ਦੁਆਬੇ ਤੋਂ ਆ ਕੇ ਚੋਣ ਲੜਨ ਦਾ ਐਨਾ ਹੀ ਸ਼ੌਂਕ ਸੀ ਤਾਂ ਉਥੇ ਆ ਕੇ ਲੜ ਲੈਂਦੇ।

ਸਵਾਲ: ਜਿਵੇਂ ਤੁਸੀਂ ਅਪਣੀ ਜਿੱਤ ਦੇ ਲਈ ਆਸਵੰਦ ਹੋ, ਤੇ ਤੁਸੀਂ ਜਿੱਤਦੇ ਹੋ ਤਾਂ ਜ਼ਿਮਨੀ ਚੋਣ ਸੰਭਵ ਹੈ ਤਲਵੰਡੀ ਸਾਬੋ ‘ਚ ਤਾਂ ਅਪਣਾ ਸਿਆਸੀ ਵਾਰਿਸ ਕਿਸਨੂੰ ਮੰਨਦੇ ਹੋ?

ਜਵਾਬ: ਉਹ ਤਾਂ ਪਾਰਟੀ ਦੇ ਫ਼ੈਸਲੇ ਹਨ ਪਹਿਲਾਂ ਮੈਨੂੰ ਪਾਰਟੀ ਨੇ ਹੀ ਫ਼ੈਸਲਾ ਕੀਤਾ ਹੈ ਕਿ ਮੈਨੂੰ ਐਮਪੀ ਦੀ ਚੋਣ ਲੜਨ ਲਈ ਤੇ ਅਗਲੇ ਫ਼ੈਸਲੇ ਵੀ ਪਾਰਟੀ ਦੇ ਹੀ ਹੋਣਗੇ। 

ਸਵਾਲ: ਇਸ ਵਾਰ ਸਾਰੀਆਂ ਪਾਰਟੀਆਂ ਨੂੰ ਹੀ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹੈ ਸਣੇ ਤੁਹਾਡੇ ਭਾਵੇਂ ਉਹ ਰਾਜਿੰਦਰ ਕੌਰ ਭੱਠਲ ਹੋਣ ਜਾਂ ਹਰਸਿਮਰਤ ਕੌਰ ਬਾਦਲ ਹੋਣ ਜਾਂ ਹੋਰ ਨੇਤਾ ਹੋਵੇ ਕਿ ਲੋਕ ਸਵਾਲ ਕਰਦੇ ਹਨ, ਕਾਲੀਆਂ ਝੰਡੀਆਂ ਤੱਕ ਦਿਖਾਉਂਦੇ ਹਨ, ਤੁਹਾਨੂੰ ਵੀ ਕਿਸੇ ਨੇ ਕਿਹਾ ਕਿ ਤੁਸੀਂ ਅਪਣੇ ਵਿਆਹ ‘ਤੇ ਬਾਦਲ ਨੂੰ ਬੁਲਾ ਲਿਆ ਜਾਂ ਤੁਸੀਂ ਕੈਪਟਨ ਤੋਂ ਸ਼ਗਨ ਲੈ ਲਿਆ, ਇਸ ਨੂੰ ਤੁਸੀਂ ਕਿਵੇਂ ਜਾਇਜ਼ ਮੰਨਦੇ ਹੋ?

ਜਵਾਬ: ਲੋਕਾਂ ਦਾ ਪੁੱਛਣਾ ਹੱਕ ਹੈ ਲੋਕ ਵੋਟ ਕਰਦੇ ਹਨ, ਲੋਕਾਂ ਦਾ ਅਧਿਕਾਰ ਹੈ, ਤੇ ਲੋਕਾਂ ਦੀ ਕਚਹਿਰੀ ਵਿਚ ਹਾਂ ਮੈਂ ਤਾਂ ਆਪ ਕਹਿੰਦੀ ਹੁੰਦੀ ਆ ਕਿ ਪੁਛੋ ਕੀ ਪੁਛਣਾ ਹੈ। ਲੋਕਾਂ ਨੂੰ ਦੱਸਣਾ ਸਾਡਾ ਫ਼ਰਜ਼ ਹੈ। ਸੋ ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤਾ 10,10 ਸਾਲ ਐਮਪੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਲੋਕ ਸਵਾਲ ਪੁੱਛਦੇ ਹਨ ਤਾਂ ਉਹ ਭੱਜ ਜਾਂਦੇ ਨੇ ਮੈਦਾਨ ਛੱਡ, ਖੜ੍ਹਨ ਫਿਰ ਜੇ ਉਨ੍ਹਾਂ ਵਿਚ ਹਿੰਮਤ ਹੈ, ਅਸੀਂ ਤਾਂ ਖੜ੍ਹਦੇ ਹਾਂ।

ਸਵਾਲ: ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦਾ ਉਹ ਕਹਿੜਾ ਮੁੱਖ ਮੁੱਦਾ ਹੈ ਜਿਸ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ?

ਜਵਾਬ: ਹੁਣ ਤੱਕ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ, ਬਹੁਤ ਮੁੱਦੇ ਹਨ। ਕਿਹੜੇ ਘਰਾਂ ਦੇ ਵਿਚ ਨੌਕਰੀਆਂ ਦੇ ਦਿੱਤੀਆਂ, ਕਿਹੜੇ ਅੱਜ ਕਿਸਾਨ ਦਾ ਕਰਜ਼ਾ ਮੁਆਫ਼ ਹੋ ਗਿਆ, ਕਿਹੜੇ ਘਰਾਂ ਦੇ ਵਿਚ ਅੱਜ ਨਸ਼ਾ ਖ਼ਤਮ ਹੋ ਗਿਆ, ਬੁਰੀ ਹਾਲਤ ਹੋਈ ਪਈ ਪੰਜਾਬ ਦੀ। ਸਭ ਤੋਂ ਵੱਡੀ ਗੱਲ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਉਹ ਅਕਾਲੀ ਦਲ ਪਰਵਾਰ ਨੇ ਕਰਵਾਈ ਹੈ, ਬਾਦਲ ਪਰਵਾਰ ਨੇ ਕਰਵਾਈ ਹੈ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਚੰਗੀ ਤਰ੍ਹਾਂ ਪਰਦੇ ਪਾ ਕੇ ਢਕ ਦਿੱਤਾ ਕਿ ਤੁਸੀਂ ਬੋਲਿਓ ਨਾ ਹੁਣ। ਠੰਡੇ ਬਸਤੇ ਵਿਚ ਪਾ ਦਿੱਤੀਆਂ ਚੀਜ਼ਾਂ, ਕੀ ਗੱਲ ਉਸ ਸਮੇਂ ਪੂਰੀ ਦੁਨੀਆਂ ਦੇ ਹਿਰਦੇ ਵਲੂੰਦਰੇ ਗਏ ਸੀ, ਸਰਕਾਰ ਇਸ ਮੁੱਦੇ ਨੂੰ ਨਹੀਂ ਦੇਖਦੀ। ਜਿਹੜੀ ਸਰਕਾਰ ਸਾਡੇ ਗੁਰੂ ਨੂੰ ਨਹੀਂ ਬਖ਼ਸ਼ ਸਕਦੀ ਤਾਂ ਅਸੀਂ ਕਿਸਦੇ ਦੇ ਜਾਏ ਹਾਂ। ਸੋ ਇਹ ਗੱਲਾਂ ਭੁੱਲਣ ਯੋਗ ਨਹੀਂ ਹੈ, ਲੋਕਾਂ ਨੂੰ ਯਾਦ ਹੈ ਲੋਕ ਇਨ੍ਹਾਂ ਦਾ ਜਵਾਬ ਵੋਟਾਂ ਵਿਚ ਦੇਣਗੇ।

ਸਵਾਲ: ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਬਰਗਾੜੀ ਵਾਲਾ ਮੁੱਦਾ ਭੁੱਲ ਗਿਆ, ਤੁਹਾਨੂੰ ਬਰਗਾੜੀ ਵਾਲਾ ਮੁੱਦਾ ਕਿੰਨਾ ਕੁ ਵੱਡਾ ਮੁੱਦਾ ਲਗਦੈ?

ਜਵਾਬ: ਬਾਦਲ ਸਾਬ੍ਹ ਆਪ ਭੁੱਲ ਗਏ ਹੋਣੇ ਜਿਨ੍ਹਾਂ ਨੇ ਇਹ ਸਭ ਕੁਝ ਕਰਵਾਇਆ ਹੈ। ਪਰ ਜਿਨ੍ਹਾਂ ਲੋਕਾਂ ਦੀਆਂ ਦੁਨੀਆਂ ਭਰ ਵਿਚ ਸਭ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਗੁਰੂ ਨਾਲ ਤੇ ਗੁਰੂ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਜੇ ਗੁਰੂ ਜੀ ਨਾਲ ਐਨਾ ਕੁਝ ਕਰਕੇ, ਕੋਈ ਸਿਆਸਤ ਕਰੇ ਤਾਂ ਉਹ ਕਹਿੰਦੇ ਹਨ ਭੁੱਲ ਜਾਓ ਤਾਂ ਇਸ ਨੂੰ ਭੁੱਲਿਆ ਨਹੀਂ ਜਾ ਸਕਦੈ।

ਸਵਾਲ: ਆਮ ਆਦਮੀ ਪਾਰਟੀ ਵਿਚ ਮਾਹੌਲ ਕੁਝ ਇਸ ਤਰ੍ਹਾਂ ਬਣਿਆ ਹੋਇਆ ਹੈ ਕਿ ਨਾਜ਼ਰ ਸਿੰਘ ਕਾਂਗਰਸ ਵਿਚ ਸ਼ਾਮਲ ਹੋ ਗਏ ਉਨ੍ਹਾਂ ਦਾ ਕੋਈ ਫ਼ਰਕ ਨੀ ਪੈਂਦਾ ਉਹ ਤਾਂ ਪਹਿਲਾਂ ਹੀ ਚਲੇ ਗਏ ਸੀ ਪਰ ਹੁਣ ਅਮਰਜੀਤ ਸਿੰਘ ਸੰਧੋਆ ਅਚਨਚੇਤ ਹੀ ਕਾਂਗਰਸ ਵਿਚ ਸ਼ਾਮਲ ਹੋ ਗਏ,  ਹੁਣ ਮਾਹੌਲ ਇਸ ਤਰ੍ਹਾਂ ਬਣ ਗਿਆ ਹੈ ਕਿ ਕਿਸੇ ‘ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦੈ?

ਜਵਾਬ: ਭਰੋਸਾ ਤਾਂ ਕਿਸੇ ਵੀ ਪਾਰਟੀ ਵਿਚ ਨਹੀਂ ਹੈ। ਕੋਣ ਕਿਥੇ ਚਲਿਆ ਜਾਵੇ। ਬਾਕੀ ਅਪਣੇ ਵੀ ਫ਼ਰਜ਼ ਹੁੰਦੇ ਹਨ ਜੋ ਪਾਰਟੀ ਪ੍ਰਤੀ ਨਿਭਾਉਣੇ ਹੁੰਦੇ ਹਨ। ਜੇ ਕੋਈ ਜਾਂਦਾ ਹੈ ਤਾਂ ਮੈਂ ਤਾਂ ਪਹਿਲਾਂ ਕਿਹਾ ਕਿ ਜਾਣ ਦਿਓ, ਜੇ ਕੋਈ ਆਇਆ ਨਿੱਜੀ ਸੁਆਰਥਾ ਲਈ ਤਾਂ ਉਸ ਨੂੰ ਅਸੀਂ ਰੋਕ ਨਹੀਂ ਸਕਦੇ। ਜੇ ਸਰਕਾਰ ਨਹੀਂ ਬਣੀ ਤਾਂ ਇਹ ਨਿਰਾਸ਼ਾ ਹੈ। ਪੰਜ ਉਗਲਾਂ ਇਕ ਬਰਾਬਰ ਨਹੀਂ ਹੁੰਦੀਆਂ, ਜਿਹੜੇ ਖੜ੍ਹੇ ਹਨ ਪਾਰਟੀ ਨਾਲ ਉਹ ਖੜ੍ਹੇ ਹਨ ਤੇ ਖੜ੍ਹੇ ਵੀ ਰਹਿਣਗੇ।

ਸਵਾਲ: ਅਮਨ ਅਰੋੜਾ ਨੇ ਕਿਹਾ ਸੀ ਕਿ ਅਮਰਜੀਤ ਸੰਧੋਆ ਅਕਸਰ ਕਹਿੰਦਾ ਹੁੰਦਾ ਸੀ ਕਿ ਉਸ ‘ਤੇ ਕਰਜ਼ਾ ਹੈ, ਸ਼ਾਇਦ ਉਹ ਕਰਜ਼ਾ ਲੁਹਾ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ, ਤੁਹਾਨੂੰ ਕੀ ਲਗਦੈ ਤੁਸੀਂ ਵੀ ਉਨ੍ਹਾਂ ਦੇ ਸਹਿਯੋਗੀ ਵਿਧਾਇਕ ਹੋ? 

ਜਵਾਬ: ਜਿਹੜੇ ਹੁਣ ਛੱਡ ਕੇ ਚਲੇ ਗਏ ਤਾਂ ਕੋਈ ਵਜ੍ਹਾ ਹੀ ਹੋਵੇਗੀ। ਸੋ ਜੇ ਕੋਈ ਐਵੇਂ ਦੀ ਗੱਲਬਾਤ ਹੈ, ਤਾਂ ਮੈਂ ਕਹਾਂਗੀ ਕਿ ਜਦੋਂ ਸਰਕਾਰ ਨੀ ਬਣੀ ਤਾਂ ਜਿਹੜੇ ਨਿੱਜੀ ਸੁਆਰਥਾਂ ਲਈ ਖੜ੍ਹੇ ਸੀ ਉਹ ਛੱਡ ਕੇ ਚਲੇ ਗਏ।

ਸਵਾਲ: ਕੱਲ੍ਹ ਨਰਿੰਦਰ ਮੋਦੀ ਹੁਰਾਂ ਦੀ ਭਲਕੇ ਰੈਲੀ ਹੈ ਤਾਂ ਉਸ ਦਾ ਕੀ ਅਸਰ ਪਵੇਗਾ ਬਠਿੰਡਾ ਹਲਕੇ ‘ਤੇ ਪੰਜਾਬ ਉਤੇ ਤਾਂ ਤੁਹਾਡੀ ਪਾਰਟੀ ਦਾ ਸਟਾਰ ਪ੍ਰਚਾਰਕ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਲਈ ਕਦੋਂ ਪੰਜਾਬ ਆ ਰਹੇ ਹਨ?

ਜਵਾਬ: ਅਰਵਿੰਦ ਕੇਜਰੀਵਾਲ 15 ਮਈ ਤੋਂ ਰੋਡ ਸ਼ੋਅ ਕਰ ਰਹੇ ਹਨ। ਉਨ੍ਹਾਂ ਨੇ 14 ਮਈ ਨੂੰ ਸੰਗਰੂਰ ਲਾਉਣਾ ਹੈ ਅਤੇ ਮੈਂ ਕਹਾਂਗੀ ਕਿ ਚਾਹੇ ਮੋਦੀ ਜਾਂ ਕੋਈ ਹੋਰ ਆਵੇ ਸਾਨੂੰ ਕੋਈ ਫ਼ਰਕ ਨੀ ਪੈਂਦਾ, ਮੋਦੀ ਨੇ ਜੇਕਰ ਸਭ ਤੋਂ ਵੱਡਾ ਘੁਟਾਲਾ ਕਰਵਾਇਆ ਤਾਂ ਉਹ ਨੋਟਬੰਦੀ ਦਾ ਕਰਵਾਇਆ, ਜੀਐਸਟੀ ਲਗਵਾਇਆ ਜਿਹੜਾ ਸਾਡੇ ਕਿਸੇ ਵੀ ਚੀਜ ‘ਤੇ ਲਾਗੂ ਨੀ ਹੁੰਦਾ ਹਰ ਇਕ ਚੀਜ਼ ‘ਤੇ ਟੈਕਸ ਲਗਾਇਆ ਹੈ ਤਾਂ ਉਹ ਵੀ ਮੋਦੀ ਸਰਕਾਰ ਨੇ ਹੀ ਲਗਵਾਇਆ ਹੈ।

ਸੋ ਐਨੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਲੋਕ ਬਹੁਤ ਸਿਆਣੇ ਹਨ ਹੁਣ ਲੋਕ ਉਨ੍ਹਾਂ ‘ਤੇ ਵਿਸਵਾਸ਼ ਨਹੀਂ ਕਰਨਗੇ।  ਸੋ ਜਿਥੇ ਮਰਜ਼ੀ ਆਉਣ ਜਿੱਥੇ ਮਰਜ਼ੀ ਜਾਣ ਲੋਕਾਂ ਨੂੰ ਕੋਈ ਫ਼ਰਕ ਨੀ ਪੈਂਦਾ। ਹੁਣ ਦੇਖਣਾ ਇਹ ਹੋਵੇਗਾ ਕਿ 19 ਮਈ ਨੂੰ ਲੋਕ ਕਿਸ ਪਾਰਟੀ ਦੇ ਹੱਕ ਵਿਚ ਨਿੱਤਰਦੇ ਹਨ ਅਤੇ 23 ਮਈ ਨੂੰ ਕਿਹੜੀ ਪਾਰਟੀ ਦੇ ਹੱਕ ਵਿਚ ਨਤੀਜੇ ਆਉਂਦੇ ਹਨ।