ਵਿਕਸਿਤ ਉਦਯੋਗਿਕ ਤੇ ਵਪਾਰਕ ਪਲਾਟਾਂ ਦੀ ਈ-ਆਕਸ਼ਨ ਰਾਹੀਂ ਜੁਟਾਏ 40 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਵਲੋਂ ਸੂਬੇ 'ਚ ਇਕ ਹੋਰ ਸਫ਼ਲਤਾ ਦਰਜ

Photo

ਚੰਡੀਗੜ੍ਹ, 14 ਮਈ (ਸਸ) : ਇਕ ਹੋਰ ਸਫ਼ਲਤਾ ਦਰਜ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ-19 ਦੇ ਸੰਕਟਮਈ ਦੌਰ 'ਚ ਪੀਐਸਆਈਈਸੀ ਵਲੋਂ ਵਿਕਸਿਤ ਉਦਯੋਗਿਕ ਤੇ ਵਪਾਰਕ ਪਲਾਟਾਂ ਦੀ ਈ-ਆਕਸ਼ਨ ਕਰਵਾ ਕੇ 40 ਕਰੋੜ ਰੁਪਏ ਦਾ ਮਾਲੀਆ ਜੁਟਾ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਅੱਜ ਇਥੇ ਇਹ ਜਾਣਕਾਰੀ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦਿਤੀ।

ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਲਈ ਬਣਾਈ ਸੂਬਾ ਸਰਕਾਰ ਦੀ ਨੋਡਲ ਏਜੰਸੀ, ਪੀਐਸਆਈਸੀ ਵਲੋਂ ਸੂਬੇ ਭਰ ਦੇ ਫ਼ੋਕਲ ਪੁਆਇੰਟਸ ਚ ਸਥਿਤ ਉਦਯੋਗਿਕ ਪਲਾਟਾਂ ਅਤੇ ਵਪਾਰਕ ਸਥਾਨਾਂ ਦੀ ਈ ਆਕਸ਼ਨ (ਇਲੈਕਟ੍ਰਾਨਿਕ ਢੰਗ ਨਾਲ ਨਿਲਾਮੀ) ਸ਼ੁਰੂ ਕੀਤੀ ਗਈ ਸੀ। ਸੂਬੇ ਵਿਚ ਇਹ ਪਲਾਂਟ ਅਬੋਹਰ, ਅੰਮ੍ਰਿਤਸਰ, ਬਟਾਲਾ, ਬਠਿੰਡਾ, ਚਨਾਲੋਂ (ਕੁਰਾਲੀ), ਗੋਇੰਦਵਾਲ ਸਾਹਿਬ, ਕਪੂਰਥਲਾ, ਲੁਧਿਆਣਾ, ਮਲੋਟ, ਮੰਡੀ ਗੋਬਿੰਦਗੜ੍ਹ, ਮੋਹਾਲੀ, ਮੁਕਤਸਰ, ਨਵਾਂ ਨੰਗਲ, ਨਵਾਂ ਸ਼ਹਿਰ, ਨਾਭਾ (ਨਵਾਂ), ਪਠਾਨਕੋਟ, ਟਾਂਡਾ ਅਤੇ ਰਾਏਕੋਟ ਵਿਖੇ ਮੌਜੂਦ ਹਨ।

ਮੰਤਰੀ ਨੇ ਦਸਿਆ ਇਸ ਆਕਸ਼ਨ ਨੂੰ ਲੁਧਿਆਣਾ, ਮੁਹਾਲੀ, ਅੰਮ੍ਰਿਤਸਰ,ਅਬੋਹਰ , ਪਠਾਨਕੋਟ, ਬਠਿੰਡਾ, ਚਨਾਲੋਂ ਅਤੇ ਮਲੋਟ ਵਿਖੇ ਸਥਿਤ ਉਦਯੋਗਿਕ ਅਤੇ ਵਪਾਰਕ ਸੰਪਤੀਆਂ ਦੇ ਨਿਵੇਸ਼ਕਾਂ ਅਤੇ ਉੱਭਰਦੇ ਉਦਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸ੍ਰੀਮਤੀ ਵਿੰਨੀ ਮਹਾਜਨ ,ਆਈਏਐਸ,ਵਧੀਕ ਮੁੱਖ ਸਕੱਤਰ(ਉਦਯੋਗ ਤੇ ਵਣਜ ਵਿਭਾਗ, ਪੰਜਾਬ) ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਆਕਸ਼ਨ ਨੂੰ ਵਿਸ਼ੇਸ਼ ਕਰਕੇ ਪੀਐਸਆਈਸੀ ਦੀਆਂ ਮੁਹਾਲੀ ,ਲੁਧਿਆਣਾ ਅਤੇ ਅੰਮ੍ਰਿਤਸਰ ਚ ਸਥਿਤ ਵਪਾਰਕ ਜਾਇਦਾਦਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਪੀਐਸਆਈਸੀ ਵਲੋਂ ਸੂਬੇ ਭਰ ਵਿਚ ਉਦਯੋਗਿਕ ਫੋਕਲ ਪੁਆਇੰਟਜ਼ ਵਿਖੇ ਸਥਿਤ ਪ੍ਰਮੁੱਖ ਉਦਯੋਗਿਕ,ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਦੀ ਈ ਆਕਸ਼ਨ ਵੀ ਜਲਦ  ਸ਼ੁਰੂ ਕਰਨ ਸਬੰਧੀ  ਯੋਜਨਾਬੰਦੀ ਕੀਤੀ ਜਾ ਰਹੀ ਹੈ।