ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਲਈ ਵਧੇ ਰੇਟਾਂ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਲਈ ਵਧੇ ਰੇਟਾਂ 'ਤੇ ਰੋਕ

1

ਬਠਿੰਡਾ, 15 ਮਈ (ਸੁਖਜਿੰਦਰ ਮਾਨ) : ਪਿਛਲੇ ਕਈ ਸਾਲਾਂ ਤੋਂ ਅਪਣੀ ਹੋਂਦ ਨੂੰ ਲੈ ਕੇ ਸੰਘਰਸ਼ ਕਰ ਰਹੇ ਪਾਵਰਕਾਮ ਦੇ ਕੱਚੇ ਮੁਲਾਜਮਾਂ ਲਈ ਹੁਣ ਸਰਕਾਰ ਨੇ ਦੂਹਰੀ ਆਰੀ ਚਲਾ ਦਿੱਤੀ ਹੈ। ਇੰਨ੍ਹਾਂ ਮੁਲਾਜਮਾਂ ਲਈ ਵਧੇ ਹੋਏ ਰੇਟਾਂ 'ਤੇ ਜਿੱਥੇ ਰੋਕ ਲਗਾ ਦਿੱਤੀ ਹੈ, ਉਥੇ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਨੂੰ ਵੀ ਰੱਦ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ। ਸਰਕਾਰ ਦੇ ਇਸ ਰਵੱਈਏ ਨੂੰ ਦੇਖਦਿਆਂ ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੋਮ ਜੋਨ ਬਠਿੰਡਾ ਦੇ ਪ੍ਰਧਾਨ  ਗੁਰਵਿੰਦਰ ਸਿੰਘ ਤੇ ਗੋਰਾ ਸਿੰਘ ਭੁੱਚੋ ਪ੍ਰਧਾਨ ਥਰਮਲ ਕਲੋਨੀ ਦੀ ਅਗਵਾਈ 'ਚ ਕੱਚੇ ਮੁਲਾਜਮਾਂ ਨੇ  ਰੋਸ਼ ਪ੍ਰਗਟ ਕੀਤਾ।

ਉਨ੍ਹਾਂ ਕਿਹਾ ਕਿ ਜਿੱਥੇ ਅੱਜ ਸਮੁੱਚਾ ਦੇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਖ਼ਿਲਾਫ਼ ਜੰਗ ਲੜ ਰਿਹਾ ਹੈ ਉੱਥੇ ਹੀ ਸਮੂਹ ਬਿਜਲੀ ਕਾਮੇ 24 ਘੰਟੇ ਐਮਰਜੈੰਸੀ ਡਿਓੁਟੀ ਨਿਭਾ ਰਹੇ ਹਨ ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੋ ਸਕੇ।ਪਰ ਬਿਜਲੀ ਕਾਮਿਆਂ ਨੂੰ ਪੱਕਾ ਕਰਨਾ ਤੇ ਹੋਰ ਸਹੂਲਤਾ ਦੇਣਾ ਤਾਂ ਦੂਰ ਦੀ ਗੱਲ, ਇਸਦੇ ਓੁਲਟ ਪੰਜਾਬ ਦੇ ਸਮੂਹ ਕੱਚੇ ਕਾਮਿਆਂ ਦੇ ਕਿਰਤ ਕਾਨੂੰਨਾ ਅਨੁਸਾਰ ਵੱਧੇ ਰੇਟ ਵੀ ਪੰਜਾਬ ਸਰਕਾਰ ਨੇ ਵਾਪਿਸ ਲੈ ਲਏ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਤੋ ਵੀ ਅੱਗੇ ਵਰਕਰਾਂ ਦੀ ਅਪ੍ਰੈਲ ਮਹੀਨੇ ਦੀ ਬਣਦੀ ਨਿਗੁਣੀ ਅੱਠ ਹਜਾਰ ਦੀ ਤਨਖਾਹ ਵਿੱਚੋਂ ਵੀ ਹਰੇਕ ਵਰਕਰ ਦੇ 450 ਰੁਪਏ ਦਾ ਕਰੋਨਾ ਮਹਾਮਾਰੀ ਦੇ ਨਾਂ ਹੇਠ ਕੱਟ ਲਿਆ ਗਿਆ।ਜਰਨਲ ਸਕੱਤਰ ਖੁਸਦੀਪ ਸਿੰਘ ਤੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਬਹਾਨਾ ਬਣਾ ਵਰਕਰਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ।ਇਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਇਹਨਾਂ ਮਾਰੂ ਫੈਸਲਿਆ ਦੇ ਵਿੱਰੁਧ ਕੱਚੇ ਕਾਮੇ ਸੜਕਾਂ ਤੇ ਓੁਤਰਨਗੇ।