ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਦੀਆਂ ਸੇਵਾਵਾਂ 2021 'ਚ ਵੀ ਜਾਰੀ ਰੱਖੇਗੀ ਸਰਕਾਰ
ਪੰਜਾਬ ਸਰਕਾਰ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਵੱਡੀ ਰਾਹਤ ਦੇਣ ਦੀ ਤਿਆਰੀ ਹੈ।
ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਵੱਡੀ ਰਾਹਤ ਦੇਣ ਦੀ ਤਿਆਰੀ ਹੈ। ਇਨ੍ਹਾਂ ਕਾਮਿਆਂ ਦੀਆਂ ਸੇਵਾਵਾਂ ਸਾਲ 2021 'ਚ ਵੀ ਜਾਰੀ ਰੱਖਣ 'ਤੇ ਸਰਕਾਰ 'ਚ ਸਹਿਮਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ 50 ਲੱਖ ਬੀਮੇ ਦੀ ਸਹੂਲਤ ਤੋਂ ਬਾਹਰ ਰੱਖੇ ਜਾਣ ਕਾਰਨ ਨੌਕਰੀ ਜਾਰੀ ਰਹਿਣ ਲਈ ਸ਼ੰਕੇ ਪੈਦਾ ਹੋ ਗਏ ਸਨ।
ਅੱਜ ਇਥੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਤੀਨਿਧਾਂ ਦੀ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਬਾਰੇ ਸਥਿਤੀ ਸਪੱਸ਼ਟ ਹੋਈ ਹੈ। ਇਸ ਮੀਟਿੰਗ 'ਚ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਅਤੇ ਆਮ ਰਾਜ ਪ੍ਰਬੰਧ ਦੇ ਪ੍ਰਮੁੱਖ ਸਕੱਤਰ ਅਲੋਕ ਸੇਖਰ ਸ਼ਾਮਲ ਸਨ, ਜਦਕਿ ਮੁਲਾਜ਼ਮ ਵਫ਼ਦ ਦੀ ਅਗਵਾਈ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕੀਤੀ। ਇਸ ਸਬੰਧੀ ਅਧਿਕਾਰੀਆਂ ਵਲੋਂ ਛੇਤੀ ਹੀ ਪੱਤਰ ਜਾਰੀ ਕਰਨ ਦੀ ਗੱਲ ਆਖੀ ਗਈ ਹੈ।
ਮੀਟਿੰਗ ਤੋਂ ਬਾਅਦ ਮੁਲਾਜ਼ਮ ਆਗੂਆਂ ਨੇ ਦਸਿਆ ਕਿ ਸਰਕਾਰ ਦੇ ਅਧਿਕਾਰੀਆਂ ਨੇ ਦਰਜਾ ਚਾਰ ਕਾਮਿਆਂ ਨੂੰ ਬਿਨਾਂ ਵਿਆਜ ਕਣਕ 'ਤੇ ਮਿਲਣ ਵਾਲੇ ਕਰਜ਼ੇ ਦਾ ਪੱਤਰ ਵੀ ਜਾਰੀ ਕਰਨ ਦਾ ਭਰੋਸਾ ਦਿਤਾ ਹੈ। ਇਸ ਤੋਂ ਇਲਾਵਾ ਨਵੇਂ ਭਰਤੀ ਮੁਲਾਜ਼ਮਾਂ ਦੇ ਪਰਖ ਕਾਲ ਨੂੰ ਤਜ਼ਰਬੇ 'ਚ ਗਿਣਨ ਸਬੰਧੀ ਵੀ ਛੇਤੀ ਫ਼ੈਸਲਾ ਲੈਣ ਦਾ ਭਰੋਸਾ ਦਿਤਾ। ਲਾਕਡਾਊਨ ਕਾਰਨ ਦਫ਼ਤਰਾਂ 'ਚ ਜ਼ਰੂਰੀ ਡਿਊਟੀਆਂ ਤੋਂ ਗ਼ੈਰਹਾਜ਼ਰ ਹੋਣ ਵਾਲੇ ਮੁਲਾਜ਼ਮਾਂ ਵਿਰੁਧ ਵੀ ਅਨੁਸ਼ਾਸਨੀ ਕਾਰਵਾਈ ਨਾ ਕਰਨ ਲਈ ਅਧਿਕਾਰੀ ਸਹਿਮਤ ਸਨ ਕਿਉਂਕਿ ਟਰਾਂਸਪੋਰਟ ਦੀ ਸਮੱਸਿਆ ਕਾਰਨ ਅਜਿਹਾ ਹੋ ਰਿਹਾ ਹੈ।