ਕਾਂਗਰਸੀ ਨੇਤਾਵਾਂ ਦਾ ਉਬਾਲ ਸ਼ਾਂਤ ਹੋਇਆ, ਪੰਜਾਬ ਕਾਂਗਰਸ 'ਚ ਅੰਦਰੂਨੀ ਖਿੱਚੋਤਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ 'ਚ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਜੂਝ ਰਹੀ ਕੇਂਦਰ ਸਰਕਾਰ ਦੇ ਮੌਜੂਦਾ ਸੰਕਟ ਦੇ ਚਲਦਿਆਂ

Photo

ਚੰਡੀਗੜ੍ਹ, 14 ਮਈ (ਜੀ.ਸੀ. ਭਾਰਦਵਾਜ) : ਦੇਸ਼ 'ਚ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਜੂਝ ਰਹੀ ਕੇਂਦਰ ਸਰਕਾਰ ਦੇ ਮੌਜੂਦਾ ਸੰਕਟ ਦੇ ਚਲਦਿਆਂ, ਪੰਜਾਬ 'ਚ ਦੋ-ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ 'ਚ ਉਂਜ ਤਾਂ ਸ਼ਰਾਬ ਦੀ ਵਿਕਰੀ ਦੇ ਮੁੱਦੇ 'ਤੇ ਮੁੱਖ ਸਕੱਤਰ ਨੂੰ ਹਟਾਉਣ ਵਾਲਾ ਨੁਕਤਾ ਹਾਸੋਹੀਣਾ ਲਗਦਾ ਹੈ ਪਰ ਇਸ ਦੀਆਂ ਤਾਰਾਂ, ਕਿਤੇ ਨਾ ਕਿਤੇ, 2022 ਦੀਆਂ ਅਸੈਂਬਲੀ ਚੋਣਾਂ 'ਚ ਬਤੌਰ ਸਿਰਕੱਢ ਨੇਤਾ ਬਣਨ ਨਾਲ ਜੁੜੀਆਂ ਲਗਦੀਆਂ ਹਨ।

ਪਿਛਲੇ 5 ਦਿਨਾਂ ਤੋਂ ਕਾਂਗਰਸੀ ਮੰਤਰੀਆਂ, ਨੌਜਵਾਨ ਕਾਂਗਰਸੀ ਵਿਧਾਇਕਾਂ, ਸੂਬੇ ਦੀ ਆਬਕਾਰੀ ²(ਐਕਸਾਈਜ਼) ਮਹਿਕਮੇ ਦੀ ਆ ਰਹੀ ਆਮਦਨੀ 'ਚ ਸਿੱਧੇ-ਅਸਿੱਧੇ ਢੰਗ ਨਾਲ ਜੁੜੇ ਅਮੀਰ ਕਾਂਗਰਸੀਆਂ ਅਤੇ ਡੇਢ ਸਾਲ ਪਹਿਲਾਂ ਹੀ, ਆਪੋ-ਅਪਣੇ ਸ਼ਕਤੀ ਗਰੁਪ ਖੜ੍ਹੇ ਕਰਨ 'ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਨਾਲ ਸਬੰਧ ਰੱਖਣ ਦਾ ਇਸ਼ਾਰਾ ਹੋ ਰਿਹਾ ਹੈ।

ਉਂਜ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਨੇਤਾਵਾਂ ਦੇ ਉਬਾਲ ਨੂੰ ਸ਼ਾਂਤ ਕਰਨ ਲਈ ਅਤੇ ਅਪਣੇ ਆਪ ਨੂੰ ਪੰਜਾਬ ਦੀ ਅਫ਼ਸਰਸ਼ਾਹੀ ਦੇ ਕੰਟਰੌਲ ਹੇਠ ਆਉਣ ਦੇ ਦਾਗ ਨੂੰ ਧੋਣ ਵਾਸਤੇ ਮੁੱਖ ਸਕੱਤਰ ਤੋਂ ਐਕਸਾਈਜ਼ ਮਹਿਕਮੇ ਦਾ ਚਾਰਜ ਖੋਹ ਲਿਆ ਹੈ ਅਤੇ ਮੰਤਰੀਆਂ ਨੂੰ ਜ਼ਬਰਦਸਤ ਇਸ਼ਾਰਾ ਕੀਤਾ ਹੈ ਕਿ ਨੌਜਵਾਨ ਵਿਧਾਇਕ ਅਪਣੀ ਲਛਮਣ ਰੇਖਾ ਤੋਂ ਬਾਹਰ ਨਾ ਜਾਣ, ਇਸ ਘਟਨਾ ਨੂੰ ਕੰਟਰੌਲ ਕਰਨ ਲਈ ਮੁੱਖ ਮੰਤਰੀ ਨੇ ਮਜ਼ਬੂਤ ਇਰਾਦਾ ਵਿਖਾਇਆ ਹੈ।

ਜੇ 2002-07 ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ 'ਚ ਬੀਬੀ ਰਜਿੰਦਰ ਕੌਰ ਭੱਠਲ ਵਲੋਂ 32 ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ 'ਚ ਕਾਂਗਰਸ ਹਾਈਕਮਾਂਡ ਕੋਲ ਕੈਪਟਨ ਅਮਰਿੰਦਰ ਸਿੰਘ ਵਿਰੁਧ ਕੀਤੀ ਖੁਲ੍ਹੀ ਬਗ਼ਾਵਤ ਵਲ ਨਜ਼ਰ  ਮਾਰੀਏ ਤਾਂ ਪਤਾ ਲਗਦਾ ਹੈ ਕਿ 2003 ਵਾਲੇ ਨਾਜ਼ੁਕ ਦੌਰ 'ਚੋਂ ਮੁੱਖ ਮੰਤਰੀ ਬਹੁਤ ਮਜ਼ਬੂਤ ਹੋ ਕੇ ਨਿਕਲੇ ਸਨ ਅਤੇ ਮੌਜੂਦਾ ਠੰਢੀ ਬਗ਼ਾਵਤ 'ਚੋਂ ਵੀ ਉਹ, ਹੁਣ ਹੋਰ ਵੀ ਸਫ਼ਲਤਾ ਨਾਲ ਬਾਹਰ ਆ ਗਏ ਲਗਦੇ ਹਨ।

ਮੁੱਖ ਮੰਤਰੀ ਦੇ ਕਰਨ ਅਵਤਾਰ ਸਿੰਘ ਨੂੰ ਬਤੌਰ ਚੀਫ਼ ਸਕੱਤਰ ਲਾਂਭੇ ਨਾ ਕਰਨ ਦੇ ਫ਼ੈਸਲੇ ਨੇ ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਰਾਜ ਕੁਮਾਰ ਵੇਰਕਾ, ਰਾਜਾ ਵੜਿੰਗ, ਕੁਲਬੀਰ ਜੀਰਾ, ਬਰਿੰਦਰਮੀਤ ਪਾਹੜਾ, ਗਿਲਜ਼ੀਆਂ, ਫ਼ਤਿਹਜੰਗ, ਜੋਗਿੰਦਰ ਪਾਲ, ਲਾਡੀ ਅਤੇ ਇਥੋਂ ਤਕ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਖ਼ਤ ਸੰਦੇਸ਼ ਕੀਤਾ ਹੈ ਕਿ ਇਹੋ ਜਿਹੇ ਹੇਠਲੇ ਪੱਧਰ ਦੇ ਬਿਆਨਾਂ ਨਾਲ ਸਰਕਾਰ ਨਹੀਂ ਹਿੱਲੇਗੀ ਅਤੇ ਅਫ਼ਸਸ਼ਾਹੀ ਦਾ ਹੌਸਲਾ ਨੀਵਾਂ ਨਹੀਂ ਹੋਣ ਦਿਤਾ ਜਾਵੇਗਾ।

ਅਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਪਾਰਟੀ ਪ੍ਰਧਾਨ ਪ੍ਰਤਾਪ ਬਾਜਵਾ ਜੋ ਮੁੱਖ ਮੰਤਰੀ ਵਿਰੁਧ ਬਿਆਨ ਦੇਣ ਅਤੇ ਨੁਕਸ ਕੱਢਣ ਦੇ ਆਦੀ ਹਨ, ਨਾਲ ਨਜਿੱਠਣਾ ਭਾਵੇਂ ਅਜੇ ਬਾਕੀ ਹੈ ਪਰ ਕੈਪਟਨ ਸਾਹਿਬ ਨੂੰ, ਨਵਜੋਤ ਸਿੱਧੂ ਦੀਆਂ ਚਾਲਾਂ ਅਤੇ ਹਾਈ ਕਮਾਂਡ ਵਲੋਂ ਉਸ ਨੂੰ ਦਿਤੇ ਜਾ ਰਹੇ ਹੁਸ਼ਕੇਰੇ ਤੋਂ ਵੀ ਸਾਵਧਾਨ ਰਹਿਣਾ ਪਵੇਗਾ।

ਰੋਜ਼ਾਨਾ ਸਪੋਕਸਮੈਨ ਵਲੋਂ ਕਾਂਗਰਸੀ ਮੰਤਰੀਆਂ, ਵਿਧਾਇਕਾਂ, ਪਾਰਟੀ ਨੇਤਾਵਾਂ, ਸਿਆਸੀ ਮਾਹਰਾਂ, ਵਿੱਤ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਤੇ ਪੰਜਾਬ ਦੇ ਹਿਤ 'ਚ ਲੱਗੀਆਂ ਜਥੇਬੰਦੀਆਂ ਦੇ ਵਰਕਰਾਂ, ਅਹੁਦੇਦਾਰਾਂ ਨਾਲ ਮੌਜੂਦਾ ਘਟਨਾਵਾਂ ਸਬੰਧੀ ਕੀਤੀ ਗੱਲਬਾਤ ਤੋਂ ਪਤਾ ਲਗਦਾ ਹੈ ਕਿ ਸਹੀ ਸੋਚ ਇਹੀ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਤੋਂ ਉਪਜੇ ਵਿਤੀ ਸੰਕਟ 'ਤੇ ਕਾਬੂ ਪਾਇਆ ਜਾਵੇ। ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਭਰੋਸਾ ਜਿਤਿਆ ਜਾਵੇ। ਅਪਣੇ ਹੀ ਲੀਡਰਾਂ ਵਲੋਂ ਕੀਤੀ ਜਾ ਰਹੀ 'ਲੁੱਟ' ਜਿਸ ਦੀ ਤੋਹਮਤ ਵਿਰੋਧੀ ਧਿਰਾਂ ਲਾਉਂਦੀਆਂ ਹਨ, ਨੂੰ ਰੋਕਿਆ ਜਾਵੇ।

ਇਨ੍ਹਾਂ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਂਗਰਸ ਸਰਕਾਰ ਦਾ ਪਿਛਲੇ ਸਾਢੇ ਤਿੰਨ ਸਾਨਾਂ ਦੀ ਕਾਰਗੁਜ਼ਾਰੀ ਦਾ ਰੀਪੋਰਟ ਕਾਰਡ ਬਹੁਤ ਚੰਗਾ ਨਹੀਂ ਹੈ ਪਰ ਅਜੇ ਚੋਣਾਂ ਨੂੰ 20 ਮਹੀਨੇ ਪਏ ਹਨ, ਸਰਕਾਰ ਦਾ ਅਕਸ ਸੁਧਰ ਸਕਦਾ ਹੈ ਤੇ ਫਿਲਹਾਲ 'ਆਪ', ਅਕਾਲੀ-ਭਾਜਪਾ ਨਾਲੋਂ ਕਾਂਗਰਸ ਦਾ ਪੰਜਾਬ 'ਚ ਪੱਲੜਾ ਭਾਰੀ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਸੰਕਟ ਹੀ ਰਹਿਣਾ ਹੈ, ਉਦੋਂ ਤਕ ਕਾਂਗਰਸ ਦੇ ਨੇਤਾਵਾਂ ਤੇ ਵਰਕਰਾਂ ਨੂੰ ਧੀਰਜ, ਮਿਹਨਤ, ਲੋਕ ਸੇਵਾ 'ਚ ਜੁਟ ਕੇ ਕੰਮ ਕਰਨਾ ਪੈਣਾ ਹੈ, ਨਹੀਂ ਤਾਂ ਇਕ ਹੋਰ ਇਸ ਤਰ੍ਹਾਂ ਦੀ ਅੰਦਰੂਨੀ ਖਿੱਚੋਤਾਣ, ਪਾਰਟੀ ਤੇ ਸਰਕਾਰ ਨੂੰ ਲੈ ਡੁੱਬੇਗੀ।