ਸ਼ਰਾਬ ਮਾਫ਼ੀਆ ਕਾਰਨ ਖ਼ਜ਼ਾਨੇ ਨੂੰ ਹੋਏ ਘਾਟੇ ਦੀ ਜਾਂਚ ਕਰੇ ਜੁਡੀਸ਼ੀਅਲ ਕਮਿਸ਼ਨ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਹੈ ਕਿ ਹੁਣ ਸੂਬੇ ਦੇ ਕਾਂਗਰਸੀ ਮੰਤਰੀਆਂ ਦੀ ਅਸਲੀ ਪਰਖ ਦੀ ਘੜੀ ਹੈ ਅਤੇ ਵੇਖਣਾ ਹੋਵੇਗਾ

File Photo

ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਹੈ ਕਿ ਹੁਣ ਸੂਬੇ ਦੇ ਕਾਂਗਰਸੀ ਮੰਤਰੀਆਂ ਦੀ ਅਸਲੀ ਪਰਖ ਦੀ ਘੜੀ ਹੈ ਅਤੇ ਵੇਖਣਾ ਹੋਵੇਗਾ ਕਿ ਉਹ ਪੰਜਾਬ ਦੇ ਹਿਤਾਂ ਲਈ ਅਪਣੇ ਏਜੰਡੇ 'ਤੇ ਖੜਨਗੇ ਜਾਂ ਭਜਦੇ ਹਨ। ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਦੇ ਵਿਧਾਇਕ ਹਰਪਾਲ ਚੀਮਾ ਅਤੇ ਹੋਰ ਸੀਨੀਅਰ ਆਗੂਆਂ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਰਾਬ ਮਾਫ਼ੀਆ ਵਲੋਂ ਸੱਤਾ ਧਿਰ ਨਾਲ ਮਿਲ ਕੇ ਸਰਕਾਰੀ ਖ਼ਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾਉਣ ਦੀ ਗੱਲ ਕੋਈ ਨਵੀਂ ਨਹੀਂ।

ਇਹ ਪਿਛਲੀ ਬਾਦਲ ਸਰਕਾਰ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਹੁਣ ਤਕ ਸ਼ਰਾਬ ਮਾਫ਼ੀਏ ਕਾਰਨ ਸਰਕਾਰ ਨੂੰ ਪਏ ਘਾਟੇ ਦੀ ਜਾਂਚ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਹੋਣੀ ਚਾਹੀਦੀ ਹੈ। ਇਸ ਲਈ ਸਮਾਂਬੱਧ ਜਾਂਚ ਕਰਵਾ ਕੇ ਘਟੇ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਦਾ ਨਿਸ਼ਾਨਾ  ਮੁੱਖ ਸਕੱਤਰ ਨਹੀਂ ਬਲਕਿ ਉਹ ਇਸ ਦੀ ਆੜ ਲੈ ਕੇ ਮੁੱਖ ਮੰਤਰੀ ਨੂੰ ਹੀ ਚੁਨੌਤੀ ਦੇ ਰਹੇ ਹਨ ਕਿਉਂਕਿ ਐਕਸਾਈਜ਼ ਵਿਭਾਗ ਉਨ੍ਹਾਂ ਅਧੀਨ ਹੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਸਥਿਤੀ 'ਚ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੇਂ ਕੋਰੋਨਾ ਸੰਕਟ ਗੰਭੀਰ ਹੈ

ਪਰ ਪ੍ਰਸ਼ਾਸਨਿਕ ਕੰਮ ਮੰਤਰੀਆਂ ਅਤੇ ਅਫ਼ਸਰਸ਼ਾਹੀ ਦੇ ਵਿਵਾਗ 'ਚ ਠੱਪ ਹੋ ਰਿਹਾ ਹੈ। ਮੁੱਖ ਮੰਤਰੀ ਖ਼ੁਦ ਲੋਕਾਂ ਤੋਂ ਦੂਰ ਹਨ, ਜਦਕਿ ਉਨ੍ਹਾਂ ਨੂੰ ਖ਼ੁਦ ਹਸਪਤਾਲਾਂ ਆਦਿ ਦਾ ਬਾਹਰ ਨਿਕਲ ਕੇ ਜਾਇਜ਼ਾ ਲੈਣਾ ਚਾਹੀਦਾ ਸੀ। ਉਨ੍ਹਾਂ ਐਲਾਨੀ ਗਈ ਆਬਕਾਰੀ ਨੀਤੀ ਨੂੰ ਵੀ ਸ਼ਰਾਬ ਮਾਫ਼ੀਆ ਨੂੰ ਲਾਭ ਪਹੁੰਚਾਉਣ ਵਾਲੀ ਦਸਿਆ ਚੀਮਾ ਨੇ ਕਿਹਾ ਕਿ 'ਆਪ' ਨੇ ਵਿਧਾਨ ਸਭਾ 'ਚ ਵੀ ਸ਼ਰਾਬ ਦੇ ਘਾਟੇ ਦੇ ਮੁੱਦੇ 'ਤੇ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਥੇ ਵੀ ਆਗਿਆ ਨਹੀਂ ਮਿਲੀ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸ਼ਰਾਬ ਮਾਫ਼ੀਏ ਨੂੰ ਨੱਥ ਪਾਉਣ 'ਤੇ ਮਾਲੀਆ ਵਧਾਉਣ ਦਾ ਇਕੋ-ਇਕ ਹੱਲ ਹੈ ਕਿ ਸ਼ਰਾਬ ਨਿਗਮ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਮਿਸਾਲ ਸਾਹਮਣੇ ਹੈ

ਜਿਥੇ ਹਜ਼ਾਰਾਂ ਕਰੋੜ ਰੁਪਏ ਦਾ ਮਾਲੀਆ ਸ਼ਰਾਬ ਦੀ ਵਿਕਰੀ ਤੋਂ ਵਧਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵੀ ਮਿਸਾਲ ਹੈ ਜਿਥੇ ਨਿਗਮ ਬਣਨ ਕਾਰਨ ਸਾਲ ਦੀ 30 ਹਜ਼ਾਰ ਕਰੋੜ ਦੀ ਆਮਦਨ ਹੋ ਰਹੀ ਹੈ। ਅਗਰ ਪੰਜਾਬ 'ਚ ਵੀ ਸ਼ਰਾਬ ਨਿਗਮ ਬਣ ਜਾਵੇ ਤਾਂ ਆਮਦਨ ਦੁਗਣੀ ਹੋ ਕੇ 12000 ਕਰੋੜ ਰਪਏ ਤਕ ਹਾਸਲ ਕੀਤੀ ਜਾ ਸਕਦੀ ਹੈ। ਹਰਪਾਲ ਚੀਮਾ ਨਾਲ ਪ੍ਰੈੱਸ ਕਾਨਫ਼ਰੰਸ 'ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਨਰਿੰਦਰ ਸ਼ੇਰਗਿੱਲ ਵੀ ਮੌਜੂਦ ਸਨ