ਪ੍ਰਵਾਸੀ ਕਸ਼ਮੀਰੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ : ਡਾ. ਰਾਜ
ਇਨਸਾਨੀਅਤ ਤੇ ਦਰਿਆਦਿਲੀ ਦੀ ਕਾਇਮ ਕੀਤੀ ਮਿਸਾਲ
ਹੁਸ਼ਿਆਰਪੁਰ, 14 ਮਈ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਵਾਇਰਸ ਦੇ ਕਾਰਣ ਲਾਕਡਾਊਨ ਵਿਚ ਬਹੁਤੇ ਪ੍ਰਵਾਸੀ ਮਜ਼ਦੂਰ/ਕਿਰਤੀ ਅਪਣੇ ਘਰਾਂ ਨੂੰ ਕੂਚ ਕਰ ਰਹੇ ਹਨ। ਕੁੱਝ ਅਜਿਹੇ ਕਸ਼ਮੀਰੀ ਕਿਰਤੀ ਚੰਡੀਗੜ੍ਹ ਤੋਂ ਜੰਮੂ ਲਈ ਪੈਦਲ ਹੀ ਤੁਰ ਪਏ ਸਨ ਅਤੇ 3 ਦਿਨ ਬਾਅਦ ਉਹ ਹੁਸ਼ਿਆਰਪੁਰ ਵਿਖੇ ਪਹੁੰਚੇ। ਹੁਸ਼ਿਆਰਪੁਰ ਦੇ ਆਰ.ਟੀ.ਆਈ. ਅਵੇਅਰਨੈਸ ਫ਼ੋਰਮ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਵੇਖਿਆ, ਉਨ੍ਹਾਂ ਨਾਲ ਗੱਲ ਕਰ ਉਨ੍ਹਾਂ ਦੀ ਪਰੇਸ਼ਾਨੀ ਜਾਣੀ ਤੇ ਉਨ੍ਹਾਂ ਦੀ ਮਦਦ ਕਰਨ ਲਈ ਕੁੱਝ ਵਸੀਲਾ ਕਰਨ ਦਾ ਸੋਚਿਆ। ਉਸੇ ਸਮੇਂ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਇਕ ਐਮਰਜੈਂਸੀ ਕਾਰਨ ਅਪਣੇ ਸਕੈਨ ਸੈਂਟਰ ਜਾਣ ਲਈ ਉਧਰੋਂ ਨਿਕਲੇ ਅਤੇ ਇਹਨਾਂ ਪ੍ਰਵਾਸੀਆਂ ਨੂੰ ਵੇਖ ਉਹ ਵੀ ਉਨ੍ਹਾਂ ਦੀ ਖ਼ਬਰ-ਸਾਰ ਲੈਣ ਲਈ ਰੁਕੇ। ਸ਼੍ਰੀ ਵਸ਼ਿਸ਼ਟ ਨੇ ਉਨ੍ਹਾਂ ਨੂੰ ਪ੍ਰਵਾਸੀਆਂ ਦੀ ਆਪ-ਬੀਤੀ ਸੁਣਾਈ, ਜਿਸ ਤੇ ਡਾ. ਰਾਜ ਨੇ ਤੁਰਤ ਉਨ੍ਹਾਂ ਲਈ ਖਾਣੇ ਦਾ ਇੰਤਜਾਮ ਕੀਤਾ ਅਤੇ ਉਨ੍ਹਾਂ ਨੂੰ ਜੰਮੂ ਬਾਰਡਰ ਤਕ ਪਹੁੰਚਾਉਣ ਲਈ ਨਿਜੀ ਖ਼ਰਚ 'ਤੇ ਟੈਂਪੂ ਟ੍ਰੇਵਲਰ ਦਾ ਬੰਦੋਬਸਤ ਕੀਤਾ।
ਉਨ੍ਹਾਂ ਦੇ ਸਪੁੱਤਰ ਨਿਸ਼ਾਂਤ ਕੁਮਾਰ ਨੇ ਤੁਰਤ ਐਸ.ਡੀ.ਐਮ. ਦਫ਼ਤਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੇ ਅਤੇ ਡਰਾਈਵਰ ਦੇ ਪਾਸ ਬਣਵਾ ਕੇ ਦਿਤੇ ਤਾਂ ਜੋ ਰਸਤੇ ਵਿਚ ਵੀ ਉਨ੍ਹਾਂ ਨੂੰ ਕਿਸੇ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਰਾਜ ਦੀ ਇਸ ਮਦਦ ਲਈ ਧੰਨਵਾਦ ਕਰਨ ਲਈ ਇਹਨਾਂ ਪ੍ਰਵਾਸੀ ਮਜਦੂਰਾਂ ਕੋਲ ਸ਼ਬਦ ਹੀ ਨਹੀਂ ਸਨ। ਉਨ੍ਹਾਂ ਦੇ ਮੁਰਝਾਏ ਚਿਹਰਿਆਂ 'ਤੇ ਖੁਸ਼ੀ ਵੇਖਦੇ ਹੀ ਬਣਦੀ ਸੀ। ਵਧੇਰੇ ਗ਼ੌਰ ਦੀ ਗੱਲ ਹੈ ਕਿ ਡਾ. ਰਾਜ ਨੇ ਸਿਰਫ਼ ਖਾਣੇ ਜਾਂ ਗੱਡੀ ਦਾ ਪ੍ਰਬੰਧ ਹੀ ਨਹੀਂ ਕੀਤਾ ਬਲਕਿ ਲਗਭਗ ਇਕ ਘੰਟਾ ਇਹ ਸਾਰੇ ਇੰਤਜਾਮ ਹੋਣ ਤਕ ਉਹ ਉਥੇ ਹੀ ਪ੍ਰਵਾਸੀ ਮਜਦੂਰਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਨੂੰ ਟ੍ਰੈਵਲਰ ਵਿਚ ਬਿਠਾ ਕੇ ਜੰਮੂ ਨੂੰ ਰਵਾਨਾ ਕਰ ਕੇ ਹੀ ਉਨ੍ਹਾਂ ਨੇ ਵੀ ਅਪਣੇ ਘਰ ਦਾ ਰੁਖ ਕੀਤਾ। ਇਸ ਮੌਕੇ ਰਾਜੀਵ ਵਸ਼ਿਸ਼ਟ ਨੇ ਡਾ. ਰਾਜ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਾ. ਰਾਜ ਦੀ ਦਰਿਆਦਿਲੀ ਅਤੇ ਇਨਸਾਨੀਅਤ ਨਿਭਾਉਣ ਦੇ ਕਈ ਕਿੱਸੇ ਸੁਣੇ ਸਨ ਤੇ ਅੱਜ ਖੁਦ ਵੀ ਅੱਖੀਂ ਵੇਖਿਆ। ਉਨ੍ਹਾਂ ਕਿਹਾ ਕਿ ਡਾ. ਰਾਜ ਨੇ ਇਹ ਉਪਰਾਲਾ ਰਾਜਨੀਤੀ ਤੋਂ ਉਪਰ ਉਠ ਕੇ ਕਿਸੇ ਵੋਟ ਬੈਂਕ ਲਈ ਨਹੀਂ ਬਲਕਿ ਸਿਰਫ਼ ਇਨਸਾਨੀਅਤ ਦੇ ਨਾਤੇ ਕੀਤਾ ਹੈ।