20 ਲੱਖ ਕਰੋੜ ਰੁਪਏ 'ਚੋਂ ਵਿਦਿਆਰਥੀਆਂ ਲਈ ਧੇਲਾ ਵੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਦੇ ਉਭਾਰ ਲਈ ਪੈਕੇਜ ਵਿਚ ਕੁੱਝ ਨਾ ਰਖਣਾ ਵਿਦਿਆਰਥੀਆਂ ਨਾਲ ਭੱਦਾ ਮਜ਼ਾਕ : ਅਕਸ਼ੈ ਸ਼ਰਮਾ

20 ਲੱਖ ਕਰੋੜ ਰੁਪਏ 'ਚੋਂ ਵਿਦਿਆਰਥੀਆਂ ਲਈ ਧੇਲਾ ਵੀ ਨਹੀਂ

ਚੰਡੀਗੜ੍ਹ, 14 ਮਈ (ਅਬਰਾਵਾਂ) : ਕੇਂਦਰੀ ਰਾਹਤ ਪੈਕਜ ਨੂੰ ਵਿਦਿਆਰਥੀਆਂ ਨਾਲ ਇੱਕ ਭੱਦਾ ਮਜ਼ਾਕ ਕਹਿ ਕੇ ਨਕਾਰਦਿਆਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ), ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀਆਂ, ਜਿਨ੍ਹਾਂ ਦੀ  ਸਿੱਖਿਆ ਕੋਵਿਡ-ਸੰਕਟ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ, ਨੂੰ ਇਕ ਵਾਰ ਫਿਰ ਰਾਹਤ ਪੈਕੇਜ ਦੇ ਦਾਇਰੇ 'ਚੋਂ ਬਾਹਰ ਰੱਖਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਅਕਸ਼ੈ ਨੇ ਕਿਹਾ ਕਿ ਮੋਦੀ ਨੇ ਵਿਦਿਆਰਥੀਆਂ ਅਤੇ ਸਿੱਖਿਆ ਖੇਤਰ ਲਈ ਇਸ ਪੈਕੇਜ ਵਿਚ ਗੱਲਾਂ ਤੋਂ ਸਿਵਾ ਕੁਝ ਨਹੀਂ ਰੱਖਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਨਿਰਮਲਾ ਸੀਤਾਰਮਨ ਨੇ ਮਹਾਂਮਾਰੀ ਦੇ ਮੱਦੇਨਜ਼ਰ ਸਾਡੇ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਨਾ ਵੀ ਉੱਚਿਤ ਨਹੀਂ ਸਮਝਿਆ।

ਅਕਸ਼ੈ ਨੇ ਅੱਜ ਸਵੇਰੇ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਤੌਰ 'ਤੇ ਗ਼ਰੀਬ ਵਰਗ ਨਾਲ ਸਬੰਧਤ ਵਿਦਿਆਰਥੀਆਂ ਜਿਨ੍ਹਾਂ ਨੂੰ ਸਕੂਲੋਂ ਕੱਢ ਦਿਤਾ ਗਿਆ ਹੈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਦੀਆਂ ਸਿਖਿਆ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ  ਤੁਰੰਤ ਵੱਖਰੇ ਫ਼ੰਡ ਦੀ ਘੋਸ਼ਣਾ ਕਰਨ।