ਪੰਜਾਬ ਲਈ ਕੁੱਝ ਰਾਹਤ ਵਾਲਾ ਸਮਾਂ, ਚਾਰ ਦਿਨਾਂ ਦੌਰਾਨ ਸੂਬੇ 'ਚ ਪਾਜ਼ੇਟਿਵ ਮਾਮਲੇ ਘਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕੋਰੋਨਾ ਸੰਕਟ ਦੇ ਚਲਦੇ ਸੈਂਕੜਿਆਂ ਤੋਂ ਵਧ ਕੇ ਕੁੱਝ ਹੀ ਦਿਨਾਂ ਵਿਚ ਅੰਕੜਾ 2000 ਵਲ ਵਧਣ ਤੋਂ ਬਾਅਦ ਹੁਣ 4 ਦਿਨਾਂ ਦੌਰਾਨ ਕੁਝ ਰਾਹਤ ਦੀ ਖ਼ਬਰ ਹੈ।

File Photo

ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਕੋਰੋਨਾ ਸੰਕਟ ਦੇ ਚਲਦੇ ਸੈਂਕੜਿਆਂ ਤੋਂ ਵਧ ਕੇ ਕੁੱਝ ਹੀ ਦਿਨਾਂ ਵਿਚ ਅੰਕੜਾ 2000 ਵਲ ਵਧਣ ਤੋਂ ਬਾਅਦ ਹੁਣ 4 ਦਿਨਾਂ ਦੌਰਾਨ ਕੁਝ ਰਾਹਤ ਦੀ ਖ਼ਬਰ ਹੈ। 24 ਘੰਟਿਆਂ ਵਿਚ ਸਿਰਫ਼ 11 ਪਾਜ਼ੇਟਿਵ ਮਾਮਲੇ ਹੀ ਅੱਜ ਸ਼ਾਮ ਤੱਕ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 24 ਘੰਟਿਆਂ ਵਿਚ ਵੀ ਇਹ ਅੰਕੜਾ 10 ਸੀ ਜਦ ਕਿ ਪਿਛਲੇ ਦਿਨਾਂ 'ਚ ਇਕ-ਇਕ ਥਾਂ ਤੋਂ ਹੀ 50 ਤੋਂ ਵੀ ਵੱਧ ਪਾਜ਼ੇਟਿਵ ਕੇਸ ਆਏ ਸਨ। ਹੁਣ ਕੁੱਝ ਦਿਨਾਂ ਤੋਂ ਵਧ ਰੀਪੋਰਟਾਂ ਨੈਗੇਟਿਵ ਆ ਰਹੀਆਂ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਇਨ੍ਹਾਂ ਦਿਨਾਂ ਵਿਚ ਵਧ ਰਿਹਾ ਹੈ। ਅੱਜ 23 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤਕ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੀ 223 ਹੋ ਚੁੱਕੀ ਹੈ। ਸਰਕਾਰੀ ਤੌਰ 'ਤੇ ਸ਼ਾਮ ਤਕ ਦੇ ਤਸਦੀਕ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ 'ਚ ਕੁੱਲ ਪਾਜ਼ੇਟਿਵ ਮਰੀਜ਼ 1935 ਹਨ ਅਤੇ ਇਨ੍ਹਾਂ ਵਿਚੋਂ 1680 ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਸੂਬੇ ਵਿਚ ਕੁੱਲ ਸੈਂਪਲ 47408 ਲਏ ਗਏ ਹਨ ਜਿਨ੍ਹਾਂ ਵਿਚੋਂ 42425 ਦੀਆਂ ਰੀਪੋਰਟਾਂ ਨੈਗੇਟਿਵ ਹਨ ਅਤੇ 3048 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਲੰਬਿਤ ਹਨ। ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਵਿਚੋਂ 1 ਪੀੜਤ ਵੈਂਟੀਲੇਟਰ 'ਤੇ ਹੈ।

ਇਕਾਂਤਵਾਸ 42 ਸਾਲਾ ਵਿਅਕਤੀ ਦੀ ਮੌਤ
ਨਾਭਾ, 14 ਮਈ (ਬਲਵੰਤ ਹਿਆਣਾ) : ਨਾਭਾ ਬਲਾਕ ਦੇ ਪਿੰਡ ਹਿਆਣਾ ਕਲਾਂ ਦੇ ਸਰਕਾਰੀ ਸਕੂਲ 'ਚ ਇਕਾਂਤਵਾਸ 'ਚ ਰਹਿ ਰਹੇ 42 ਸਾਲਾ ਵਿਅਕਤੀ ਹਰਪਾਲ ਸਿੰਘ ਪੁੱਤਰ ਉਜਾਗਰ ਸਿੰਘ ਦੀ ਅੱਜ ਅਚਾਨਕ ਸਿਹਤ ਖ਼ਰਾਬ ਹੋ ਜਾਣ ਤੋਂ ਬਾਅਦ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਚਾਨਕ ਹੋਈ ਮੌਤ ਕਾਰਨ ਪ੍ਰਸ਼ਾਸਨ ਨੂੰ ਭਾਜੜ ਪੈ ਗਈ। ਮੌਕੇ 'ਤੇ ਸਿਹਤ ਵਿਭਾਗ 'ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ। ਲਾਸ਼ ਦਾ ਪੋਸਟਮਾਰਟਮ ਕਰ ਕੇ ਉਸ ਦੀ ਲਾਸ਼ ਨੂੰ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤਾ ਗਿਆ ਹੈ ਤੇ ਅੱਜ ਹਰਪਾਲ ਸਿੰਘ ਦਾ ਸੰਸਕਾਰ ਪਿੰਡ ਵਿਚ ਕਰ ਦਿਤਾ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਜਲੰਧਰ 'ਚ 9 ਹੋਰ ਕੋਰੋਨਾ ਪਾਜ਼ੇਟਿਵ
ਜਲੰਧਰ, 14 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਕਲ ਜਲੰਧਰ 'ਚ ਕਰੋਨਾ ਦਾ ਇਕ ਮਰੀਜ਼ ਮਿਲਣ ਤੋਂ ਬਾਅਦ ਅੱਜ ਫੇਰ ਜਲੰਧਰ ਵਿਚ ਕੋਰੋਨਾ  ਵਾਇਰਸ ਦੇ 9 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵਧ ਕੇ 208 ਹੋ ਗਈ ਹੈ, ਇਨ੍ਹਾਂ 'ਚ 2 ਮਰੀਜ਼ ਪਹਿਲਾਂ ਪੀੜਤ ਆਏ ਇਕ ਡਾਕਟਰ ਦੇ ਸੰਪਰਕ 'ਚ ਸਨ, ਜਿਨ੍ਹਾਂ ਚ ਰਾਜ ਕੁਮਾਰ, ਪ੍ਰੇਮਾ, ਸਮ੍ਰਿਤੀ, ਬਚਨ ਲਾਲ ਹਨ। ਇਹ ਦੋ ਮਰੀਜ਼  ਲਾਈਫ਼ ਲਾਈਨ ਕਿਡਨੀ ਹਸਪਤਾਲ ਦੇ ਕਰਮਚਾਰੀ ਹਨ। ਇਨ੍ਹਾਂ ਵਿਚ ਇਕ ਡਾਕਟਰ ਅਤੇ ਇਕ ਹੋਰ ਸਟਾਫ਼ ਵਰਕਰ ਹੈ।

ਇਸ ਹਸਪਤਾਲ ਤੋਂ ਪਹਿਲਾਂ ਵੀ ਉਕਤ ਚਾਰ ਵਿਅਕਤੀ ਕੋਰੋਨਾ ਦੇ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਵਿਚੋਂ ਇਕ ਕਪੂਰਥਲਾ ਨਾਲ ਸਬੰਧਤ ਡਾਕਟਰ ਹੈ, ਜਦਕਿ ਬਾਕੀ ਮਰੀਜ਼ਾਂ ਦੇ ਸੰਪਰਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜ਼ਿਲ੍ਹੇ ਦੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 208 ਹੋ ਗਈ ਹੈ, ਤੇ 16 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚ ਮੇਅਰ ਦੇ ਓਐਸਡੀ ਹਰਪ੍ਰੀਤ ਸਿੰਘ ਵਾਲੀਆ ਵੀ ਸ਼ਾਮਲ ਹਨ, ਜਿਸ ਦੀ ਰੀਪੋਰਟ ਲਗਾਤਾਰ ਦੂਜੀ ਵਾਰ ਨੈਗੇਟਿਵ ਆਉਣ 'ਤੇ ਉਸ ਨੂੰ ਅੱਜ ਹਸਪਤਾਲੋਂ ਛੁੱਟੀ ਦੇ ਦਿਤੀ ਗਈ ਹੈ। ਹਰਪ੍ਰੀਤ ਦੇ ਨਾਲ ਹੀ ਦੋ ਹੋਰ ਮਰੀਜ਼ਾਂ ਮਿੱਠਾ ਬਾਜ਼ਾਰ ਵਾਸੀ ਦੀਪਕ ਸ਼ਰਮਾ ਤੇ ਵਿਸ਼ਵ ਸ਼ਰਮਾ ਦੀ ਕੋਰੋਨਾ ਵਾਇਰਸ ਦੀ ਰੀਪੋਰਟ ਵੀ ਲਗਾਤਾਰ ਨੈਗੇਟਿਵ ਆਉਣ ਕਾਰਨ ਉਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦੇ ਦਿਤੀ ਹੈ।

ਬਠਿੰਡਾ 'ਚ ਦੋ ਹੋਰ ਕੋਰੋਨਾ ਮਰੀਜ਼
ਬਠਿੰਡਾ, 14 ਮਈ (ਸੁਖਜਿੰਦਰ ਮਾਨ) : ਕਈ ਦਿਨਾਂ ਦੀ ਰਾਹਤ ਤੋਂ ਬਾਅਦ ਬੀਤੀ ਦੇਰ ਰਾਤ ਆਈਆਂ ਪੈਡਿੰਗ ਰੀਪੋਰਟਾਂ ਵਿਚ ਦੋ ਹੋਰ ਕੋਰੋਨਾ ਦਾ ਮਰੀਜ਼ ਆਏ ਹਨ। ਨਵੇਂ ਮਰੀਜ਼ ਆਉਣ ਤੋਂ ਬਾਅਦ ਬਠਿੰਡਾ 'ਚ ਹੁਣ ਪਾਜ਼ੇਟਿਵ ਆਏ ਮਰੀਜ਼ਾਂ ਦੀ ਕੁੱਲ ਗਿਣਤੀ 44 ਹੋ ਗਈ ਹੈ। ਜਿਨ੍ਹਾਂ ਵਿਚੋਂ ਇਕ ਮਰੀਜ਼ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਹੈ। ਉਂਜ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ ਮਰੀਜ਼ਾਂ ਵਿਚੋਂ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਸਿਰਫ਼ ਇਕ ਮਹਿਲਾ ਮਰੀਜ਼ ਹੀ ਸਥਾਨਕ ਮਰੀਜ਼ ਹੈ, ਜਦਕਿ ਬਾਕੀ ਮਰੀਜ਼ ਬਾਹਰਲੇ ਸੂਬਿਆਂ ਤੋਂ ਵਾਪਸ ਪਰਤਣ ਵਾਲੇ ਹਨ।

ਜ਼ਿਲ੍ਹੇ ਵਿਚ ਅੱਜ ਇਕ ਕੋਰੋਨਾ ਨਾਲ ਲੜ ਰਹੀ ਔਰਤ ਪੂਰੀ ਤਰ੍ਹਾਂ ਠੀਕ ਹੋ ਗਈ ਅਤੇ ਉਸ ਦੀ ਦੂਸਰੀ ਜਾਂਚ ਰੀਪੋਰਟ ਵੀ ਨੈਗੇਟਿਵ ਆ ਗਈ ਹੈ ਅਤੇ ਹੁਣ ਉਸ ਨੂੰ ਘਰ ਭੇਜ ਦਿਤਾ ਜਾਵੇਗਾ। ਇਸ ਤੋਂ ਬਿਨਾਂ ਹਸਤਪਾਲ ਵਿਚ ਇਲਾਜ ਅਧੀਨ 16 ਵਿਅਕਤੀਆਂ ਦੇ ਮੁੜ ਜਾਂਚ ਨਮੂਨਿਆਂ ਦੇ ਨਤੀਜੇ ਵੀ ਨੈਗੇਟਿਵ ਆਏ ਹਨ ਅਤੇ ਭਲਕੇ ਦੁਬਾਰਾ ਨਮੂਨੇ ਭੇਜੇ ਜਾਣਗੇ ਅਤੇ ਜੇਕਰ ਦੂਸਰੀ ਰੀਪੋਰਟ ਵੀ ਨੈਗੇਟਿਵ ਆਈ ਤਾਂ ਉਨ੍ਹਾਂ ਨੂੰ ਵੀ ਛੁੱਟੀ ਦੇ ਦਿਤੀ ਜਾਵੇਗੀ।