ਟਿੱਡੀਦਲ ਝੁੰਡਾਂ ਦੇ ਰੂਪ 'ਚ ਪਹੁੰਚਿਆ ਦੀਵਾਨ
ਫਾਜ਼ਿਲਕਾ ਜ਼ਿਲ੍ਹੇ ਅਤੇ ਅਬੋਹਰ ਉਪਮੰਤਡਲ ਦੇ ਅਧੀਨ ਪੈਂਦੇ ਪਿੰਡ ਦੀਵਾਨ ਖੇੜਾ ਅਤੇ ਆਲੇ ਦੁਆਲੇ ਦੇ ਹੋਰਨਾਂ ਪਿੰਡਾਂ 'ਚ ਬੀਤੀ ਰਾਤ ਟਿੱਡੀਦਲ ਦੇ ਆਉਣ ਨਾਲ ਕਿਸਾਨਾਂ 'ਚ
ਫ਼ਾਜ਼ਿਲਕਾ,14 ਮਈ (ਅਨੇਜਾ): ਫਾਜ਼ਿਲਕਾ ਜ਼ਿਲ੍ਹੇ ਅਤੇ ਅਬੋਹਰ ਉਪਮੰਤਡਲ ਦੇ ਅਧੀਨ ਪੈਂਦੇ ਪਿੰਡ ਦੀਵਾਨ ਖੇੜਾ ਅਤੇ ਆਲੇ ਦੁਆਲੇ ਦੇ ਹੋਰਨਾਂ ਪਿੰਡਾਂ 'ਚ ਬੀਤੀ ਰਾਤ ਟਿੱਡੀਦਲ ਦੇ ਆਉਣ ਨਾਲ ਕਿਸਾਨਾਂ 'ਚ ਹੜ੍ਹਕੰਪ ਮੱਚ ਗਿਆ। ਪਿੰਡਾਂ ਦੇ ਕਿਸਾਨਾਂ ਨੇ ਦਸਿਆ ਕਿ ਸ਼ਾਮ ਢਲਦੇ ਹੀ ਹਜ਼ਾਰਾਂ ਦੀ ਗਿਣਤੀ 'ਚ ਟਿੱਡੀਦਲ ਝੁੰਡਾ ਦੇ ਰੂਪ 'ਚ ਆਸਮਾਨ 'ਚ ਉਡਦੇ ਹੋਏ ਵੇਖਿਆ ਗਿਆ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਟਿੱਡੀ ਦਲ ਖੇਤਾਂ ਦੇ ਆਲੇ ਦੁਆਲੇ ਲੱਗੇ ਰੁੱਖਾਂ ਅਤੇ ਆਲੇ ਦੁਆਲੇ ਸਥਿਤ ਬਾਗਾਂ ਦੇ ਬੂਟੇ ਉਤੇ ਵੇਖਿਆ ਗਿਆ।
ਉਨ੍ਹਾਂ ਦਸਿਆ ਕਿ ਮੌਜ਼ੂਦਾ ਸਮੇਂ 'ਚ ਨਰਮੇ ਦੀ ਫ਼ਸਲ ਅਤੇ ਫੱਲਦਾਰ ਬੂਟਿਆਂ ਨੂੰ ਟਿੱਡੀਦਲ ਨੁਕਸਾਨ ਪਹੁੰਚਾ ਸਕਦਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਟਿੱਡੀ ਦਲ ਦੇ ਆਉਣ ਦੀ ਸੂਚਨਾ ਮਿਲਦੇ ਹੀ ਜਿੱਥੇ ਕਾਂਗਰਸੀ ਆਗੂ ਸੰਦੀਪ ਜਾਖੜ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਿੰਡ ਦੀਵਾਨਖੇੜਾ ਵਿਚ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਲਰਟ ਰਹਿਣ ਲਈ ਵੀ ਕਿਹਾ। ਇਹ ਵੀ ਦਸਿਆ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਪਰੇ ਕਰਵਾਕੇ ਟਿੱਡੀਦਲ ਨੂੰ ਨਸ਼ਟ ਵੀ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਨਵਰੀ ਮਹੀਨੇ ਅਤੇ ਕੁਝ ਦਿਨ ਪਹਿਲਾਂ ਵੀ ਸਰਹੱਦੀ ਪਿੰਡਾਂ 'ਚ ਟਿੱਡੀ ਦਲ ਨੇ ਹਮਲਾ ਕੀਤਾ ਸੀ ਅਤੇ ਬੀਤੀ ਰਾਤ ਫਿਰ ਤੋਂ ਪਿੰਡ ਦੀਵਾਨ ਖੇੜਾ ਅਤੇ ਹੋਰਨਾਂ ਪਿੰਡਾਂ 'ਚ ਟਿੱਡੀਦਲ ਨੇ ਹਮਲਾ ਕੀਤਾ ਹੈ ਜੋਕਿ ਇਕ ਚਿੰਤਾ ਦਾ ਵਿਸ਼ਾ ਹੈ। ਜਦ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਿੱਡੀਦਲ ਬਹੁਤ ਜ਼ਿਆਦਾ ਨਰਮੇ ਦੀ ਫ਼ਸਲ ਅਤੇ ਫੱਲਦਾਰ ਬੂਟਿਆਂ ਦਾ ਨੁਕਸਾਨ ਕਰ ਰਿਹਾ ਹੈ।
ਸਰਕਾਰ ਇਸ ਸਬੰਧੀ ਕੋਈ ਯੋਗ ਪ੍ਰਬੰਧ ਕਰੇ ਅਤੇ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਪੂਰੀ ਭਰਪਾਈ ਕਰੇ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਟਿੱਡੀਦਲ ਨੇ ਸਰਹੱਦੀ ਇਲਾਕਿਆਂ 'ਚ ਨਰਮੇ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਪਿਛਲੇ ਸੀਜਨ ਸਰੋ ਅਤੇ ਤਾਰੇਮੀਰੇ ਦਾ ਵੀ ਨੁਕਸਾਨ ਕੀਤਾ ਜਿਸ ਦਾ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿਤਾ ਅਤੇ ਹੁਣ ਦੀ ਨਰਮੇ ਦੀ ਫ਼ਸਲ ਸਬੰਧੀ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਸਰਹੱਦੀ ਇਲਾਕੇ 'ਚ ਜਾ ਚੁੱਕੇ ਹਨ ਪਰ ਸਰਕਾਰ ਵਲੋਂ ਮੁਆਵਜ਼ੇ ਸਬੰਧੀ ਕੋਈ ਬਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ ਦੇ ਨਾਲ ਦੇ ਇਲਾਕੇ ਵਲ ਜਦੋਂ ਤਕ ਟਿੱਡੀਦਲ 'ਤੇ ਕੰਟਰੋਲ ਨਹੀਂ ਹੁੰਦਾ ਉਦੋਂ ਤਕ ਇਸ ਦਾ ਕੋਈ ਯੋਗ ਕੰਟਰੋਲ ਹੋਣ ਦੇ ਚਾਂਸ ਨਹੀਂ ਹਨ। ਕਿਉਂਕਿ ਉੱਧਰ ਬਰਾਨੀ ਇਲਾਕਾ ਹੋਣ ਕਰ ਕੇ ਇਹ ਟਿੱਡੀਦਲ ਬੱਚੇ ਪੈਦਾ ਕਰਦਾ ਹੈ ਜੋ ਭਾਰਤ ਵਾਲੇ ਪਾਸੇ ਆਕੇ ਨੁਕਸਾਨ ਕਰਦਾ ਹੈ।