ਸਹਿਕਾਰੀ ਬੈਂਕ 'ਚ ਕਰਜ਼ਾ ਨਾ ਚੁੱਕਣ ਵਾਲਿਆਂ ਦੀ ਮੁਸ਼ਕਲ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਕਰਜ਼ਾ ਲੈਣ ਲਈ ਪਹਿਲਾਂ ਖ਼ਾਤਾ ਚਲਾਉਣ ਵਾਸਤੇ ਦੇਣੀ ਪਏਗੀ ਅਰਜ਼ੀ

1

ਬਠਿੰਡਾ, 15 ਮਈ (ਸੁਖਜਿੰਦਰ ਮਾਨ) : ਪਿਛਲੇ ਸੀਜਨ 'ਚ ਬਿਨ੍ਹਾਂ ਜਰੂਰਤ ਤੋਂ ਸਹਿਕਾਰੀ ਬੈਂਕ ਨਾਲ ਲੈਣ-ਦੇਣ ਨਾ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਬੀਤੇ ਦਿਨੀਂ ਸਹਿਕਾਰੀ ਬੈਂਕ ਦੇ ਏ.ਐਮ.ਡੀ ਵਲੋਂ ਜਾਰੀ ਇੱਕ ਪੱਤਰ ਦੇ ਹਵਾਲੇ ਨਾਲ ਹੁਣ ਬਿਨ੍ਹਾਂ ਖ਼ਾਤੇ ਨੂੰ ਦੁਬਾਰਾ ਚਲਾਏ ਇੰਨ੍ਹਾਂ ਕਿਸਾਨਾਂ ਨੂੰ ਚਾਲੂ ਸੀਜ਼ਨ 'ਚ ਕਰਜ਼ ਨਹੀਂ ਮਿਲੇਗਾ। ਬਠਿੰਡਾ 'ਚ ਕਈ ਥਾਂ ਕਰਜ਼ੇ ਤੋਂ ਜਵਾਬ ਮਿਲਣ ਕਾਰਨ ਕਿਸਾਨਾਂ ਵਲੋਂ ਬੈਂਕਾਂ ਅੱਗੇ ਰੋਸ਼ ਪ੍ਰਦਰਸ਼ਨ ਕਰਨ ਦਾ ਪਤਾ ਚੱਲਿਆ ਹੈ। ਸਥਾਨਕ ਅਨਾਜ਼ ਮੰਡੀ 'ਚ ਸਥਿਤ ਸਹਿਕਾਰੀ ਬੈਂਕ ਵਿਚੋਂ ਚਾਲੂ ਸੀਜ਼ਨ ਲਈ ਕਰਜ਼ਾ ਲੈਣ ਆਏ    ਕਿਸਾਨ ਗੁਰਜੰਟ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਪਾਲ ਸਿੰਘ, ਮਨਜੀਤ ਸਿੰਘ, ਗੁਰਲਾਲ ਸਿੰਘ ਤੇ ਅਵਤਾਰ ਸਿੰਘ ਆਦਿ ਕਿਸਾਨਾਂ ਨੇ ਦੋਸ਼ ਲਗਾਇਆ ਕਿ ਬੈਂਕ ਅਧਿਕਾਰੀ ਉਨ੍ਹਾਂ ਦੀ ਬਾਂਹ ਨਹੀਂ ਫ਼ੜ ਰਹੇ।

1

ਦਸਣਾ ਬਣਦਾ ਹੈ ਕਿ ਕਰੋਨੋ ਮਹਾਂਮਾਰੀ ਕਾਰਨ ਦੂਜੇ ਵਰਗਾਂ ਦੀ ਤਰ੍ਹਾਂ ਕਿਸਾਨ ਵੀ ਵੱਡੀ ਆਰਥਿਕ ਤੰਗੀ ਵਿਚੋਂ ਗੁਜਰ ਰਹੇ ਹਨ। ਉਧਰ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਠਿੰਡਾ  ਦੇ ਆਗੂਆਂ ਨੇ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਬੈਂਕ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਹੈ। ਯੂਨੀਅਨ ਦੇ ਡਿਵੀਜ਼ਨਲ ਪ੍ਰਧਾਨ ਜਸਕਰਨ ਸਿੰਘ ਨੇ ਦੋਸ਼ ਲਗਾਇਆ ਕਿ ਇਹ ਸਮੱਸਿਆ ਪੰਜਾਬ ਦੇ ਹੋਰ ਕਿਸੇ ਵੀ ਜਿਲ੍ਹੇ ਵਿੱਚ ਨਹੀਂ ਹੈ ਸਿਰਫ ਬਠਿੰਡਾ ਵਿੱਚ ਹੀ ਕਿਸਾਨਾਂ ਨਾਲ ਧੱਕੇਸਹੀ ਕੀਤੀ ਜਾ ਰਹੀ ਹੈ। ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜਾਣਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਵਾਲੇ ਬੈਂਕ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ।
ਕਿਸਾਨਾਂ ਨੂੰ ਕਰਜ਼ੇ ਤੋਂ ਕੋਈ ਜਵਾਬ ਨਹੀਂ: ਡੀਐਮ ਨਿਪੁਨ ਗਰਗ


ਬਠਿੰਡਾ: ਉਧਰ ਬੈਂਕ ਦਾ ਪੱਖ ਰੱਖਦਿਆਂ ਜ਼ਿਲ੍ਹਾ ਮੈਨੇਜ਼ਰ ਨਿਪੁਨ ਗਰਗ ਨੇ ਦਾਅਵਾ ਕੀਤਾ ਕਿ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜ਼ੇ ਤੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਬਲਕਿ ਜਾਰੀ ਤਾਜ਼ਾ ਹਿਦਾਇਤਾਂ ਮੁਤਾਬਕ ਪਿਛਲੇ ਸਾਲ ਬੈਂਕ ਨਾਲ ਲੈਣ-ਦੇਣ ਨਾ ਕਰਨ ਵਾਲੇ ਕਿਸਾਨਾਂ ਤੋਂ ਸਿਰਫ਼ ਅਰਜੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦ ਪਏ ਖ਼ਾਤਿਆਂ ਨੂੰ ਚਲਾਉਣ ਲਈ ਤਾਜ਼ਾ ਅਰਜੀ ਦਾ ਮੰਤਵ ਕਿਸਾਨਾਂ ਨਾਲ ਹੋਣ ਵਾਲੀਆਂ ਧੋਖਾ-ਧੜੀਆਂ  ਨੂੰ ਰੋਕਣਾ ਹੈ।