ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਕਸੀਜਨ ਖ਼ਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮਾਰਕਫੈੱਡ ਦਾ ਲਿਆ ਜਾ ਰਿਹੈ ਸਹਿਯੋਗ

To augment O2 supplies, Punjab's first oxygen express on way to Bokaro to lift 40 MT LMO

ਚੰਡੀਗੜ੍ਹ : ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।

ਉਨ੍ਹਾਂ ਦੱਸਿਆ ਕਿ ਅਸੀਂ ਦੋ ਆਈ.ਐਸ.ਓ. ਕੰਟੇਨਰ ਖਰੀਦਣ ਅਤੇ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਹੋ ਗਏ ਹਾਂ, ਜੋ ਰੇਲਵੇ ਦੀਆਂ ਐਚ.ਬੀ.ਐਲ. ਜ਼ਰੂਰਤਾਂ ਅਨੁਸਾਰ ਢੁੱਕਦੇ ਹਨ ਅਤੇ ਅਸੀਂ ਆਕਸੀਜਨ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੁਚਾਰੂ ਖ਼ਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫੈਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਤਿਵਾੜੀ ਨੇ ਕਿਹਾ ਕਿ ਸੂਬੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਦੀ ਲੋੜ ਦਾ ਅਨੁਮਾਨ ਲਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ ਅਤੇ ਸੂਬੇ ਵੱਲੋਂ ਟੈਂਕਰਾਂ ਦਾ ਕੋਟਾ ਵਧਾਉਣ ਲਈ ਕੇਂਦਰ ਸਰਕਾਰ `ਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਅਲਾਟ ਕੀਤੀ ਗਈ ਸਾਰੀ ਆਕਸੀਜਨ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਲਿਜਾਇਆ ਜਾ ਸਕੇ।

ਰੇਲ ਐਕਸਪ੍ਰੈਸ ਤੁਰੰਤ ਬੋਕਾਰੋ ਲਈ ਰਵਾਨਾ ਹੋ ਗਈ ਹੈ ਜਿਸ ਬਾਰੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀ ਟਵੀਟ ਕੀਤਾ ਹੈ ਅਤੇ ਆਕਸੀਜਨ ਕੰਟਰੋਲ ਰੂਮ ਦੇ ਅਧਿਕਾਰੀਆਂ ਅਤੇ ਮਾਰਕਫੈਡ ਦੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ ਹੈ।