ਜਸਟਿਸ ਅਜੀਤ ਸਿੰਘ ਬੈਂਸ 100ਵੇਂ ਸਾਲ ਵਿਚ ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਜਸਟਿਸ ਅਜੀਤ ਸਿੰਘ ਬੈਂਸ 100ਵੇਂ ਸਾਲ ਵਿਚ ਦਾਖ਼ਲ

image

ਕੋਰੋਨਾ ਕਾਰਨ ਮਨਾਇਆ ਘਰ 'ਚ ਸਾਦਾ ਜਨਮ ਦਿਨ

ਚੰਡੀਗੜ੍ਹ, 14 ਮਈ (ਜੀ.ਸੀ. ਭਾਰਦਵਾਜ) : ਪਿਛਲੇ ਡੇਢ ਸਾਲ ਤੋਂ ਚਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਦੋਸਤਾਂ, ਰਿਸ਼ਤੇਦਾਰਾਂ ਤੇ ਪਰਵਾਰਕ ਮੈਂਬਰਾਂ ਵਲੋਂ ਫ਼ੋਨ 'ਤੇ ਇਲੈਕਟ੍ਰਾਨਿਕਸ ਮੁਬਾਰਕਾਂ 'ਚ ਸੇਵਾ ਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੇ ਕੇਕ ਕੱਟ ਕੇ ਜੀਵਨ ਦੇ 100ਵੇਂ ਸਾਲ 'ਚ ਦਾਖ਼ਲਾ ਲਿਆ ਹੈ | 14 ਮਈ 1922 ਨੂੰ  ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਮਾਹਿਲਪੁਰ 'ਚ ਜਨਮੇ ਅਜੀਤ ਸਿੰਘ ਦੀ ਮੁਢਲੀ ਪ੍ਰਾਇਮਰੀ ਸਿਖਿਆ ਮਗਰੋਂ ਉਨ੍ਹਾਂ ਲਖਨਊ ਦੇ ਕਿੰਗਜ਼ ਕਾਲਜ ਤੋਂ ਵਕਾਲਤ ਪਾਸ ਕੀਤੀ, ਮਗਰੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ 'ਚ ਕੁੱਝ ਸਮਾਂ ਲੈਕਚਰਾਰ ਰਹੇ ਅਤੇ ਫਿਰ ਵਕਾਲਤ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ 'ਚ ਕਰਨ ਉਪਰੰਤ 1959-60 'ਚ ਚੰਡੀਗੜ੍ਹ ਕਾਮਰੇਡ ਵਿਧਾਇਕ ਡਾ. ਭਾਗ ਸਿੰਘ ਕੋਲ ਆ ਗਏ |
ਬਤੌਰ ਜੱਜ ਹਾਈ ਕੋਰਟ 15 ਸਾਲਾਂ ਤੋਂ ਵਧ ਸੇਵਾ ਨਿਭਾ ਕੇ ਜਸਟਿਸ ਬੈਂਸ ਜਨਵਰੀ 1986 'ਚ ਉਸ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਜਿਨ੍ਹਾਂ ਥੋੜੇ ਸਮੇਂ 'ਚ ਜਲੰਧਰ, ਕਪੂਰਥਲਾ, ਅੰਮਿ੍ਤਸਰ, ਤਰਨ ਤਾਰਨ ਜ਼ਿਲਿ੍ਹਆਂ 'ਚ ਜਾ ਕੇ ਸਿੱਖ ਨੌਜਵਾਨਾਂ ਨੂੰ  ਦੋਸ਼ ਮੁਕਤ ਕੀਤਾ ਜੋ ਪੁਲਿਸ ਵਲੋਂ ਦਰਜ ਝੂਠੇ ਕੇਸਾਂ 'ਚ ਅਤਿਵਾਦ ਦੇ ਕਾਲੇ ਦੌਰ 'ਚ ਜੇਲਾਂ 'ਚ ਡੱਕੇ ਹੋਏ ਸਨ |
ਜਸਟਿਸ ਬੈਂਸ ਨੇ ਖ਼ੁਦ ਵੀ 6 ਮਹੀਨੇ ਦੇ ਕਰੀਬ ਜੇਲ ਦੀ ਹਵਾ ਖਾਧੀ ਜਦੋਂ ਉਨ੍ਹਾਂ ਮਨੁੱਖੀ ਅਧਿਕਾਰ ਸੰਗਠਨ ਦੇ ਆਜ਼ਾਦ ਵਿਚਾਰਾਂ ਨੂੰ  ਆਮ ਲੋਕਾਂ 'ਚ ਪ੍ਰਚਾਰ ਕੀਤਾ | ਅੱਜ ਸ਼ਾਮ ਸਾਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਰਸ਼ਪਾਲ ਕੌਰ ਤੇ ਵੱਡੇ ਲੜਕੇ ਐਡਵੋਕੇਟ ਰਾਜਵਿੰਦਰ ਬੈਂਸ ਨੇ ਦਸਿਆ ਕਿ ਜਸਟਿਸ ਬੈਂਸ ਪਿਛਲੇ ਕੁੱਝ ਸਮੇਂ ਤੋਂ ਯਾਦਦਾਸ਼ਤ ਗਵਾ ਚੁੱਕੇ ਹਨ, ਪਰ ਕਿਤਾਬਾਂ ਪੜ੍ਹਨ 'ਚ ਅਜੇ ਵੀ ਰੁਚੀ ਰਖਦੇ ਹਨ | ਛੋਟਾ ਲੜਕਾ ਆਈ.ਏ.ਐਸ. ਮਨਿੰਦਰ ਆਸਾਮ 'ਚ ਚੀਫ਼ ਸੈਕਰੇਟਰੀ ਨਿਯੁਕਤ ਹਨ |