ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ

image

ਚੰਡੀਗੜ੍ਹ, 15 ਮਈ (ਭੁੱਲਰ) : ਅੱਜ ਸਵੇਰੇ ਬੋਕਾਰੋ ਵਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਅਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।
ਉਨ੍ਹਾਂ ਦਸਿਆ ਕਿ ਅਸੀਂ ਦੋ ਆਈ.ਐਸ.ਓ. ਕੰਟੇਨਰ ਖਰੀਦਣ ਅਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਉਣ ਦੇ ਯੋਗ ਹੋ ਗਏ ਹਾਂ, ਜੋ ਰੇਲਵੇ ਦੀਆਂ ਐਚ.ਬੀ.ਐਲ. ਜ਼ਰੂਰਤਾਂ ਅਨੁਸਾਰ ਢੁਕਦੇ ਹਨ ਅਤੇ ਅਸੀਂ ਆਕਸੀਜਨ ਖਰੀਦ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਅਤੇ ਸੁਚਾਰੂ ਖ਼ਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫ਼ੈੱਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਤਿਵਾੜੀ ਨੇ ਕਿਹਾ ਕਿ ਸੂਬੇ ਵਲੋਂ ਆਉਣ ਵਾਲੇ ਦਿਨਾਂ ਵਿਚ ਆਕਸੀਜਨ ਦੀ ਲੋੜ ਦਾ ਅਨੁਮਾਨ ਲਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ ਅਤੇ ਸੂਬੇ ਵਲੋਂ ਟੈਂਕਰਾਂ ਦਾ ਕੋਟਾ ਵਧਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਅਲਾਟ ਕੀਤੀ ਗਈ ਸਾਰੀ ਆਕਸੀਜਨ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਲਿਜਾਇਆ ਜਾ ਸਕੇ।
ਰੇਲ ਐਕਸਪ੍ਰੈਸ ਤੁਰਤ ਬੋਕਾਰੋ ਲਈ ਰਵਾਨਾ ਹੋ ਗਈ ਹੈ ਜਿਸ ਬਾਰੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀ ਟਵੀਟ ਕੀਤਾ ਹੈ ਅਤੇ ਆਕਸੀਜਨ ਕੰਟਰੋਲ ਰੂਮ ਦੇ ਅਧਿਕਾਰੀਆਂ ਅਤੇ ਮਾਰਕਫ਼ੈੱਡ ਦੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ ਹੈ।