Advocate ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ਾਵਰ 'ਚ 2 ਸਿੱਖਾਂ ਦੀ ਹੱਤਿਆ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵੱਲ ਵਿਸ਼ੇਸ ਧਿਆਨ ਦੇ ਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।

Advocate Harjinder Singh Dhami

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Advocate Harjinder Singh Dhami ) ਨੇ ਪਾਕਿਸਤਾਨ ਦੇ ਪੇਸ਼ਾਵਰ ’ਚ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਅਤੇ  ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Advocate Harjinder Singh Dhami )ਨੇ ਕਿਹਾ ਕਿ ਪਾਕਿਸਤਾਨ ਅੰਦਰ ਪਿਛਲੇ ਸਮੇਂ ਦੌਰਾਨ ਸਿੱਖਾਂ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। ਪਿਛਲੇ ਸਾਲ ਹਕੀਮ ਸਤਨਾਮ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪੁੱਤਰਾਂ ’ਤੇ ਭੂ-ਮਾਫੀਆ ਨੇ ਹਮਲਾ ਕੀਤਾ ਸੀ।

 

 

ਇਸੇ ਤਰ੍ਹਾਂ ਘੱਟ ਗਿਣਤੀਆਂ ਤੇ ਹਮਲੇ ਦੀਆਂ ਕਈ ਹੋਰ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਘੱਟ ਗਿਣਤੀਆਂ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ ਜਿਸ ਪ੍ਰਤੀ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਪੂਰੀ ਦੁਨੀਆਂ ਅੰਦਰ ਸ਼ਾਝੀਵਾਲਤਾ ਦਾ ਸੁਨੇਹਾ ਫੈਲਿਆ ਪਰ ਦੁੱਖ ਦੀ ਗਲ ਹੈ ਕਿ ਅੱਜ ਗੁਰੂ ਸਾਹਿਬ ਦੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਸਿੱਖਾਂ ਦਾ ਪਾਕਿਸਤਾਨ ਨਾਲ ਗੂੜਾ ਰਿਸ਼ਤਾ ਹੈ, ਕਿਉਂਕਿ ਪਾਕਿਸਤਾਨ ਵਿਚ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਹਨ ਅਤੇ ਸਿੱਖ ਉਥੋਂ ਦੇ ਵਿਕਾਸ ਵਿਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵੱਲ ਵਿਸ਼ੇਸ ਧਿਆਨ ਦੇ ਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕੂਟਨੀਤਕ ਪੱਧਰ ’ਤੇ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕੇ।