ਸਿਖਿਆ ਬੋਰਡ ਬਾਰ੍ਹਵੀਂ ਕਲਾਸ ਇਤਿਹਾਸ ਦੇ ਪੁਸਤਕ ਮਾਮਲੇ 'ਚ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਸਿਖਿਆ ਬੋਰਡ ਬਾਰ੍ਹਵੀਂ ਕਲਾਸ ਇਤਿਹਾਸ ਦੇ ਪੁਸਤਕ ਮਾਮਲੇ 'ਚ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ

image


ਚਾਰ ਲੇਖਕਾਂ/ਪਬਲਿਸ਼ਰਾਂ ਵਿਰੁਧ ਐਫ਼.ਆਈ.ਆਰ ਦਰਜ


ਐਸ.ਏ.ਐਸ ਨਗਰ, 14 ਮਈ (ਸੁਖਦੀਪ ਸਿੰਘ ਸੋਈ): ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿਚ ਕੀਤੇ ਗਏ ਕੂੜ ਪ੍ਰਚਾਰ ਵਿਰੁਧ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਲੇਖਕਾਂ ਤੋਂ ਇਲਾਵਾ ਪਬਲਿਸ਼ਰਾਂ ਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਮੋਹਾਲੀ ਦੇ ਕਰਾਈਮ ਥਾਣੇ ਵਿਚ ਪੁਲਿਸ ਨੇ ਚਾਰ ਲੇਖਕਾਂ ਅਤੇ ਪਬਲਿਸ਼ਰਾਂ ਵਿਰੁਧ ਮੁਕੱਦਮਾ ਦਰਜ ਕੀਤਾ ਹੈ |
ਪੁਲਿਸ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਸਿਰਸਾ ਸਮੇਤ ਕੁੱਝ ਆਗੂਆਂ ਵਲੋਂ ਬੀਤੇ ਦਿਨੀਂ ਬੋਰਡ ਦੇ ਗੇਟ ਦੇ ਸਾਹਮਣੇ ਦਿਤੇ ਧਰਨੇ ਨੂੰ  ਲੈ ਕੇ ਅੱਜ ਚਾਰ ਲੇਖਕ ਪਬਲਿਸ਼ਰਾਂ 'ਤੇ ਮਾਮਲਾ ਦਰਜ ਕੀਤਾ ਹੈ | ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇ ਅਤੇ ਉਸ ਸਮੇਂ ਦੇ ਬੋਰਡ ਅਧਿਕਾਰੀਆਂ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ  | ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਕਰਾਈਮ ਵਿੰਗ ਦੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਿਕਾਇਤਕਰਤਾ ਬਲਦੇਵ ਸਿੰਘ ਸਿਰਸਾ ਤੇ ਬਿਆਨਾਂ ਨੂੰ  ਕਲਮਬੰਦ ਕਰਦਿਆਂ ਹੋਇਆਂ ਮਨਜੀਤ ਸਿੰਘ ਮਹਿੰਦਰਪਾਲ  ਅਤੇ ਐਮ ਐਸ ਮਾਨ ਵਿਰੁਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ |
ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਪਿਛਲੇ 93ਵੇਂ ਦਿਨਾਂ ਤੋਂ ਸਿਖਿਆ ਬੋਰਡ ਮੁਹਾਲੀ ਦੇ ਗੇਟ ਉਤੇ ਪੱਕਾ ਧਰਨਾ ਦਿਤਾ ਜਾ ਰਿਹਾ ਹੈ | ਇਸ ਧਰਨੇ ਦੇ ਚਲਦਿਆਂ ਸਿਖਿਆ ਬੋਰਡ ਵਲੋਂ ਕਮੇਟੀ ਵੀ ਬਣਾਈ ਜਿਸ ਨੇ ਇਸ ਦੀ ਜਾਂਚ ਤੋਂ ਬਾਅਦ ਕਿਤਾਬਾਂ ਉਤੇ ਪਾਬੰਦੀ ਵੀ ਲਗਾ ਦਿਤੀ ਸੀ | ਹੁਣ ਮੋਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਤਿਹਾਸ ਬਚਾਉ ਸਿੱਖੀ ਬਚਾਉ ਮੋਰਚੇ ਦੀ ਜਿੱਤ ਹੋਈ ਹੈ |