BSF ਨੇ ਪਠਾਨਕੋਟ ਦੇ ਬਮਿਆਲ ਸੈਕਟਰ ਤੋਂ ਫੜਿਆ ਪਾਕਿ ਘੁਸਪੈਠੀਏ, ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

ਮੁੱਢਲੀ ਪੁੱਛਗਿੱਛ ਵਿਚ ਘੁਸਪੈਠੀਏ ਨੇ ਆਪਣਾ ਨਾਮ ਨਦੀਨ ਪੁੱਤਰ ਜੁਨੈਦ ਦੱਸਿਆ ਹੈ

BSF nabs Pakistani intruders from Bamiyal sector of Pathankot

 

ਪਠਾਨਕੋਟ : ਬਮਿਆਲ ਸੈਕਟਰ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਕਾਬੂ ਕੀਤਾ ਹੈ। ਬੀਐਸਐਫ ਦੇ ਜਵਾਨ ਸ਼ਨੀਵਾਰ ਸ਼ਾਮ ਕਰੀਬ 5 ਵਜੇ ਜੈਤਪੁਰ ਚੌਕੀ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਭਾਰਤੀ ਸਰਹੱਦ ਵਿਚ ਦਾਖਲ ਹੁੰਦੇ ਦੇਖਿਆ ਗਿਆ। ਬੀਐਸਐਫ਼ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਫੜੇ ਗਏ ਪਾਕਿਸਤਾਨੀ ਘੁਸਪੈਠੀਏ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਪੁੱਛਗਿੱਛ ਵਿਚ ਘੁਸਪੈਠੀਏ ਨੇ ਆਪਣਾ ਨਾਮ ਨਦੀਨ ਪੁੱਤਰ ਜੁਨੈਦ ਦੱਸਿਆ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਦੀਪਕ ਕੁਮਾਰ ਨੇ ਦੱਸਿਆ ਕਿ ਪਾਕਿਸਤਾਨੀ ਘੁਸਪੈਠੀਏ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਕੋਲੋਂ ਕਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਸੈਕਟਰ ਗੁਰਦਾਸਪੁਰ ਅਧੀਨ ਬੀਓਪੀ ਮੈਟਲਾ ਅਤੇ 89ਵੀਂ ਬਟਾਲੀਅਨ ਦੇ ਜਵਾਨਾਂ ਨੇ ਸਰਹੱਦ 'ਤੇ ਉੱਡਦੇ ਇੱਕ ਪਾਕਿਸਤਾਨੀ ਕਬੂਤਰ ਨੂੰ ਵੀ ਕਾਬੂ ਕੀਤਾ ਹੈ। ਬੀ.ਐਸ.ਐਫ ਦੀ 89 ਬਟਾਲੀਅਨ ਦੀ ਬੀਓਪੀ ਮੇਤਲਾ 'ਤੇ ਤੈਨਾਤ ਜਵਾਨਾਂ ਨੇ ਸਰਹੱਦ 'ਤੇ ਇੱਕ ਸ਼ੱਕੀ ਕਬੂਤਰ ਉੱਡਦੇ ਦੇਖਿਆ ਸੀ। ਬੀਐਸਐਫ ਜਵਾਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਬੂਤਰ ਨੂੰ ਫੜ ਲਿਆ ਗਿਆ। ਫੜੇ ਗਏ ਕਬੂਤਰ ਦੇ ਖੰਭ ਪੀਲੇ ਰੰਗ ਦੇ ਸਨ।

ਬੀਐੱਸਐੱਫ ਦੇ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਇਸ ਕਬੂਤਰ ਦੇ ਪੈਰ ਵਿਚ ਇਕ ਲਾਲ ਰੰਗ ਦੀ ਝਾਂਜਰ ਜਿਸ ਤੇ ਨੰਬਰ 0318 _469288 5 ਲਿਖਿਆ ਹੋਇਆ ਸੀ ਅਤੇ ਇਕ ਪੰਛੀ ਦੀ ਫੋਟੋ ਅੰਕਿਤ ਸੀ। ਅਧਿਕਾਰੀਆਂ ਨੇ ਕਿਹਾ ਕਿ ਕਬੂਤਰ ਨੂੰ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।