ਜੇਲ੍ਹਾਂ 'ਚ ਲਗਾਏ ਜਾਣਗੇ ਕੈਮਰੇ ਤੇ ਜੈਮਰ ਤੇ ਅਗਲੇ 6 ਮਹੀਨਿਆਂ ਤੱਕ ਹੋਵੇਗਾ ਸੁਧਾਰ - Harjot Bains
ਜੇਲ੍ਹਾਂ ਵਿਚ ਗੈਂਗਸਟਰਾਂ ਦੀ ਜ਼ਿੰਦਗੀ ਫਾਰਮ ਹਾਊਸ ਹੁੰਦੀ ਸੀ, ਪਰ ਹੁਣ ਜੇਲ੍ਹ ਦਾ ਮਤਲਬ ਜੇਲ੍ਹ ਹੋਵੇਗੀ।
ਚੰਡੀਗੜ੍ਹ - ਪੰਜਾਬ ਦੀਆਂ ਜੇਲ੍ਹਾਂ ਵਿਚੋਂ ਚੱਲ ਰਹੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਸਰਕਾਰ ਇੱਕ ਵੱਡੀ ਪਹਿਲ ਕਰ ਰਹੀ ਹੈ। ਇਸ ਦੇ ਲਈ ਜੇਲ੍ਹਾਂ ਵਿਚ ਜੈਮਰ ਅਤੇ ਇੰਟੈਲੀਜੈਂਸ ਕੈਮਰੇ ਲਗਾਏ ਜਾ ਰਹੇ ਹਨ। ਅਗਲੇ ਛੇ ਮਹੀਨਿਆਂ ਵਿਚ ਜੇਲ੍ਹਾਂ ਵਿਚ ਸੁਰੱਖਿਆ ਵਿਵਸਥਾ ਵਿਚ ਸੁਧਾਰ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਜੇਲ੍ਹ ਮੰਤਰੀ ਹਰਜੋਤ ਬੈਂਸ (Harjot Bains) ਨੇ ਕੀਤਾ ਹੈ। ਦਰਅਸਲ ਉਹ ਅੱਜ ਲੁਧਿਆਣਾ (Ludhiana) ਵਿਖੇ ਸ਼ਹੀਦ ਸੁਖਦੇਵ ਦੇ ਜਨਮ ਦਿਨ 'ਤੇ ਨੋਗਰਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ ਸਨ।
ਮੰਤਰੀ ਬੈਂਸ ਨੇ ਕਿਹਾ ਕਿ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸ਼ਹੀਦ ਸੁਖਦੇਵ ਥਾਪਰ ਭਗਤ ਸਿੰਘ ਅਤੇ ਰਾਜਗੁਰੂ ਦੇ ਪਰਮ ਮਿੱਤਰ ਸਨ। ਤਿੰਨਾਂ ਦਾ ਦਿਲ ਇੱਕ ਸੀ। ਦੇਸ਼ ਦੀ ਆਜ਼ਾਦੀ ਲਈ ਤਿੰਨਾਂ ਦੀ ਕੁਰਬਾਨੀ ਬਰਾਬਰ ਹੈ। ਲੁਧਿਆਣਾ ਵਿਚ ਸ਼ਹੀਦ ਸੁਖਦੇਵ ਦਾ ਘਰ ਹੋਣਾ ਸ਼ਹਿਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਸ਼ਹੀਦ ਸੁਖਦੇਵ ਦੇ ਬੁੱਤ ’ਤੇ ਫੁੱਲ ਭੇਟ ਕੀਤੀਆਂ। ਇਸ ਮੌਕੇ ਸ਼ਹੀਦ ਸੁਖਦੇਵ ਯਾਦਗਾਰੀ ਟਰੱਸਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਨ ਅਤੇ ਪਾਠ ਕਰਵਾਇਆ ਗਿਆ। ਮੰਤਰੀ ਬੈਂਸ ਨੇ ਹਵਨ ਵਿਚ ਚੜ੍ਹਾਵਾ ਚੜ੍ਹਾਇਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Bains) ਨੇ ਕਿਹਾ ਕਿ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਮਿਲੀ ਹੈ। ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੱਕ ਦੇ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਹਨ। ਅਗਲੇ ਸਾਲ ਜਦੋਂ ਕੋਈ ਵੀ ‘ਆਪ’ ਦਾ ਮੰਤਰੀ ਲੁਧਿਆਣਾ ਆਵੇਗਾ ਤਾਂ ਉਹ ਸ਼ਹੀਦਾਂ ਨੂੰ ਆਪਣੀ ਮਿਹਨਤ ਦੇ ਫੁੱਲ ਭੇਟ ਕਰੇਗਾ। ਮੰਤਰੀ ਬੈਂਸ ਨੇ ਕਿਹਾ ਕਿ ਹੁਣ ਪੰਜਾਬ ਵਿਚ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਜਿੰਨੇ ਵੀ ਨਾਜਾਇਜ਼ ਟੋਏ ਚੱਲ ਰਹੇ ਸਨ, ਲਗਭਗ ਸਾਰੇ ਹੀ ਬੰਦ ਹੋ ਚੁੱਕੇ ਹਨ। ਹੌਲੀ-ਹੌਲੀ ਪੰਜਾਬ ਲੀਹ 'ਤੇ ਆ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਰੇਤ ਸਸਤੀ ਮਿਲਣੀ ਸ਼ੁਰੂ ਹੋ ਜਾਵੇਗੀ।
ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ (Jails) ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਪੰਜਾਬ ਪੁਲਿਸ ਰੋਜ਼ਾਨਾ ਚੈਕਿੰਗ ਕਰ ਰਹੀ ਹੈ। ਸੂਬੇ ਦੀਆਂ ਜੇਲ੍ਹਾਂ ਵਿਚੋਂ ਹੁਣ ਤੱਕ 750 ਦੇ ਕਰੀਬ ਮੋਬਾਈਲ ਫੜੇ ਜਾ ਚੁੱਕੇ ਹਨ। ਪਿਛਲੀ ਸਰਕਾਰ ਵੱਲੋਂ ਜੇਲ੍ਹਾਂ ਦਾ ਸਿਸਟਮ ਬਹੁਤ ਮਾੜਾ ਕਰ ਦਿੱਤਾ ਗਿਆ ਸੀ। ਕੋਈ ਸੁਰੱਖਿਆ ਨਹੀਂ, ਮੋਬਾਈਲ ਪੈਕੇਟ ਸਿੱਧੇ ਬੈਰਕਾਂ ਵਿਚ ਆ ਕੇ ਡਿੱਗਦੇ ਸਨ। ਗੈਂਗਸਟਰ ਜੇਲ੍ਹਾਂ ਵਿਚੋਂ ਫੋਨ ਚਲਾਉਂਦੇ ਸਨ। ਜੇਲ੍ਹਾਂ ਵਿਚ ਗੈਂਗਸਟਰਾਂ ਦੀ ਜ਼ਿੰਦਗੀ ਫਾਰਮ ਹਾਊਸ ਹੁੰਦੀ ਸੀ, ਪਰ ਹੁਣ ਜੇਲ੍ਹ ਦਾ ਮਤਲਬ ਜੇਲ੍ਹ ਹੋਵੇਗੀ। ਕਾਨੂੰਨ ਮੁਤਾਬਕ ਸਾਰਾ ਕੰਮ ਜੇਲ੍ਹ ਵਿਚ ਹੀ ਹੋਵੇਗਾ।
ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਸਕਿਓਰਿਟੀ ਡੈੱਥ ਸੈੱਲਾਂ ਨੂੰ ਜਾਮ ਕਰਨ ਲਈ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ। ਕਿਸੇ ਵੀ ਕੰਪਨੀ ਦੇ ਟਾਵਰ ਦੇ ਸਿਗਨਲ ਜੇਲ੍ਹ ਅੰਦਰ ਨਹੀਂ ਆਉਣਗੇ। ਜੇਲ੍ਹ ਵਿਚ ਦਾਖ਼ਲ ਹੁੰਦੇ ਹੀ ਫ਼ੋਨ ਦੇ ਸਿਗਨਲ ਬੰਦ ਹੋ ਜਾਣਗੇ। ਇਸ ਮਾਮਲੇ 'ਚ ਸੁਰੱਖਿਆ ਮੰਤਰਾਲੇ ਦੀ ਮਨਜ਼ੂਰੀ ਵੀ ਲਈ ਜਾ ਰਹੀ ਹੈ। ਕੰਮ ਪੂਰਾ ਹੁੰਦੇ ਹੀ ਪੰਜਾਬ ਦੀਆਂ ਜੇਲ੍ਹਾਂ ਵਿਚ ਜੈਮਰ ਲਗਾ ਦਿੱਤੇ ਜਾਣਗੇ। ਜੇਲ੍ਹਾਂ ਵਿਚ ਵੀ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਹਰ ਕੋਨੇ ’ਤੇ ਨਜ਼ਰ ਰੱਖੀ ਜਾ ਸਕੇ।
ਪੰਜਾਬ ਵਿਚ ਨਸ਼ਿਆਂ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੇ ਮੁੱਦੇ ’ਤੇ ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਹੀ ਸਰਹੱਦੀ ਖੇਤਰ ਦਾ 50 ਕਿਲੋਮੀਟਰ ਹਿੱਸਾ ਬੀ.ਐਸ.ਐਫ. ਦੇ ਅਧੀਨ ਹੈ। ਜੇਕਰ ਸਰਹੱਦੀ ਖੇਤਰ ਤੋਂ ਹਥਿਆਰ, ਡਰੋਨ ਜਾਂ ਨਸ਼ੀਲੇ ਪਦਾਰਥ ਆਉਂਦੇ ਹਨ ਤਾਂ ਇਹ ਬੀਐਸਐਫ ਦੀ ਕਮਜ਼ੋਰੀ ਹੈ। ਬੀਐਸਐਫ ਨੂੰ ਸਖ਼ਤੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਸੁਰੱਖਿਆ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ। ਪੰਜਾਬ ਪੁਲਿਸ ਲਗਾਤਾਰ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ। ਸਰਹੱਦ 'ਤੇ ਡਰੋਨ ਜਾਂ ਡਰੱਗਜ਼ ਦੀ ਆਮਦ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। ਜੰਮੂ-ਕਸ਼ਮੀਰ ਦੇ ਲੋਕ ਵੀ ਆਮ ਆਦਮੀ ਪਾਰਟੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਹਰ ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਏਗਾ।