ਭਾਰਤ ਨੇ ਤੁਰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਲਗਾਈ ਪਾਬੰਦੀ
ਭਾਰਤ ਨੇ ਤੁਰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਲਗਾਈ ਪਾਬੰਦੀ
ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਵਿਚ ਕਰਨ ਲਈ ਲਿਆ ਫ਼ੈਸਲਾ
ਨਵੀਂ ਦਿੱਲੀ, 14 ਮਈ : ਭਾਰਤ ਨੇ ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਵਿਚ ਕਰਨ ਦੇ ਉਪਾਵਾਂ ਦੇ ਤਹਿਤ ਕਣਕ ਦੀ ਬਰਾਮਦ 'ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਲਗਾ ਦਿਤੀ ਹੈ | ਅਧਿਕਾਰਤ ਨੋਟੀਫ਼ੀਕੇਸ਼ਨ ਤੋਂ ਇਹ ਜਾਣਕਾਰੀ ਮਿਲੀ ਹੈ | ਹਾਲਾਂਕਿ, ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫ਼ਟੀ) ਨੇ 13 ਮਈ ਨੂੰ ਜਾਰੀ ਨੋਟੀਫ਼ੀਕੇਸ਼ਨ 'ਚ ਕਿਹਾ, ''ਇਸ ਨੋਟੀਫ਼ੀਕੇਸ਼ਨ ਦੀ ਤਾਰੀਖ਼ ਜਾਂ ਉਸ ਤੋਂ ਪਹਿਲਾਂ ਜਿਸ ਖੇਪ ਲਈ ਅਟੱਲ ਕੈ੍ਰਡਿਟ ਪੱਤਰ (ਐਲਓਸੀ) ਜਾਰੀ ਕੀਤੇ ਗਏ ਹਨ, ਉਸ ਦੀ ਬਰਾਮਦ ਦੀ ਇਜਾਜ਼ਤ ਹੋਵੇਗੀ |''
ਡੀਜੀਐਫ਼ਟੀ ਨੇ ਕਿਹਾ, ''ਕਣਕ ਦੀ ਬਰਾਮਦ ਨੀਤੀ 'ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਲਾਈ ਜਾਂਦੀ ਹੈ |'' ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਵਲੋਂ ਹੋਰ ਦੇਸ਼ਾਂ ਨੂੰ ਉਨ੍ਹਾਂ ਦੀਆਂ ਖ਼ੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਦੀ ਸਰਕਾਰਾਂ ਦੀਆਂ ਬੇਨਤੀਆਂ ਦੇ ਆਧਾਰ 'ਤੇ ਦਿਤੀ ਗਈ ਇਜਾਜ਼ਤ ਦੇ ਆਧਾਰ 'ਤੇ ਕਣਕ ਦੀ ਬਰਾਮਦ ਦੀ ਇਜਾਜ਼ਤ ਦਿਤੀ ਜਾਵੇਗੀ |
ਇਕ ਵਖਰੇ ਨੋਟੀਫ਼ੀਕੇਸ਼ਨ 'ਚ ਡੀਜੀਐਫ਼ਟੀ ਨੇ ਪਿਆਜ਼ ਦੇ ਬੀਜਾਂ ਲਈ ਬਰਾਮਦ ਸ਼ਰਤਾਂ ਨੂੰ ਆਸਾਨ ਬਣਾਉਣ ਦਾ ਐਲਾਨ ਕੀਤਾ | ਡੀਜੀਐਫ਼ਟੀ ਨੇ ਕਿਹਾ, ''ਪਿਆਜ਼ ਦੇ ਬੀਜਾਂ ਦੀ ਬਰਾਮਦ ਨੀਤੀ ਨੂੰ ਤਤਕਾਲ ਪ੍ਰਭਾਵ ਨਾਲ ਸੀਮਤ ਸ਼ੇ੍ਰਣੀ ਦੇ ਤਹਿਤ ਰਖਿਆ ਜਾਂਦਾ ਹੈ |'' ਪਹਿਲਾਂ ਪਿਆਜ਼ ਦੇ ਬੀਜਾਂ ਦੀ ਬਰਾਮਦ ਪਾਬੰਦੀਸ਼ੁਦਾ ਸੀ |
ਇਸ ਹਫ਼ਤੇ ਜਾਰੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਤੇਲ ਅਤੇ ਖ਼ੁਰਾਕ ਪਦਾਰਥਾਂ ਦੀਆਂ ਉਚੀਆਂ ਕੀਮਤਾਂ ਕਾਰਨ ਅਪ੍ਰੈਲ 'ਚ ਪ੍ਰਚੂਨ ਮਹਿੰਗਾਈ ਅੱਠ ਸਾਲ ਦੇ ਉਚ ਪੱਧਰ 'ਤੇ ਪਹੁੰਚ ਗਈ | ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਕਾਰਨ ਕਣਕ ਦੀ ਗਲੋਬਲ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਬਰਾਮਦ 'ਤੇ ਪਾਬੰਦੀ ਲਾਈ ਗਈ ਹੈ | ਰੂਸ ਅਤੇ ਯੂਕਰੇਨ ਕਣਕ ਦੇ ਪ੍ਰਮੁੱਖ ਨਿਰਯਾਤਕ ਰਹੇ ਹਨ | ਮਜ਼ਬੂਤ ਗਲੋਬਲ ਮੰਗ ਕਾਰਨ 2021-22 ਵਿਚ ਭਾਰਤ ਦੀ ਕਣਕ ਦੀ ਬਰਾਮਦ ਵਧ ਕੇ 70 ਲੱਖ ਟਨ ਯਾਨੀ 2.05 ਅਰਬ ਅਮਰੀਕੀ ਡਾਲਰ ਤਕ ਪਹੁੰਚ ਗਈ | ਡੀਜੀਐਫਟੀ ਦੇ ਅੰਕੜਿਆਂ ਅਨੁਸਾਰ, ਪਿਛਲੇ ਵਿੱਤੀ ਸਾਲ ਵਿਚ ਕੁਲ ਕਣਕ ਦੀ ਬਰਾਮਦ ਵਿਚੋਂ, ਲਗਭਗ 50 ਪ੍ਰਤੀਸ਼ਤ ਖੇਪ ਬੰਗਲਾਦੇਸ਼ ਨੂੰ ਭੇਜੀ ਗਈ ਸੀ | ਦੇਸ਼ ਨੇ ਇਸ ਸਾਲ ਲਗਭਗ 9,63,000 ਟਨ ਕਣਕ ਦਾ ਨਿਰਯਾਤ ਕੀਤਾ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 1,30,000 ਟਨ ਸੀ |
ਨਿਜੀ ਵਪਾਰੀਆਂ ਵਲੋਂ ਭਾਰੀ ਲਿਫ਼ਟਿੰਗ ਅਤੇ ਪੰਜਾਬ-ਹਰਿਆਣਾ ਵਿਚ ਘੱਟ ਆਮਦ ਕਾਰਨ 1 ਮਈ ਤਕ ਮੌਜੂਦਾ ਹਾੜੀ ਮੰਡੀਕਰਨ ਸੀਜ਼ਨ ਵਿਚ ਭਾਰਤ ਦੀ ਕਣਕ ਦੀ ਖ਼ਰੀਦ ਵੀ 44 ਫ਼ੀ ਸਦੀ ਘਟ ਕੇ 1.62 ਲੱਖ ਟਨ ਰਹਿ ਗਈ ਹੈ | ਸਰਕਾਰ ਨੇ ਇਕ ਸਾਲ ਪਹਿਲਾਂ ਇਸ ਸਮੇਂ ਦੌਰਾਨ 2.88 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਸੀ | ਹਾੜੀ ਦਾ ਮੰਡੀਕਰਨ ਸੀਜ਼ਨ ਅਪ੍ਰੈਲ ਤੋਂ ਮਾਰਚ ਤਕ ਚਲਦਾ ਹੈ |
ਬਰਾਮਦ ਲਈ ਅਨਾਜ ਦੀ ਵਧਦੀ ਮੰਗ ਦੇ ਵਿਚਕਾਰ, ਨਿਜੀ ਕੰਪਨੀਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਤੋਂ ਵਧ ਕੀਮਤਾਂ 'ਤੇ ਕਣਕ ਦੀ ਖ਼ਰੀਦ ਕੀਤੀ ਹੈ | ਕੇਂਦਰ ਨੇ ਮਾਰਕੀਟਿੰਗ ਸਾਲ 2022-23 ਵਿਚ 4.44 ਲੱਖ ਟਨ ਕਣਕ ਦੀ ਰਿਕਾਰਡ ਖ਼ਰੀਦ ਦਾ ਟੀਚਾ ਰਖਿਆ ਹੈ, ਜਦੋਂ ਕਿ ਪਿਛਲੇ ਸਾਲ 4.33 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ | (ਏਜੰਸੀ)