ਜਾਖੜ ਨੇ ਆਖ਼ਰ ਫ਼ੇਸਬੁੱਕ 'ਤੇ ਮਨ ਦੀ ਭੜਾਸ ਕਢਦਿਆਂ ਕਾਂਗਰਸ ਛੱਡਣ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਜਾਖੜ ਨੇ ਆਖ਼ਰ ਫ਼ੇਸਬੁੱਕ 'ਤੇ ਮਨ ਦੀ ਭੜਾਸ ਕਢਦਿਆਂ ਕਾਂਗਰਸ ਛੱਡਣ ਦਾ ਕੀਤਾ ਐਲਾਨ

image

 

ਕਿਹਾ, ਪਾਰਟੀ ਬੁਰੀ ਤਰ੍ਹਾਂ ਚਾਪਲੂਸਾਂ 'ਚ ਘਿਰੀ ਹੋਈ ਹੈ, ਅੰਬਿਕਾ ਸੋਨੀ ਨੇ ਪੰਜਾਬ 'ਚ ਹਿੰਦੂ-ਸਿੱਖਾਂ 'ਚ ਵੰਡ ਪਾਉਣ ਦੀ ਗੱਲ ਕੀਤੀ


ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਇਕ ਪਾਸੇ ਜਿਥੇ ਰਾਜਸਥਾਨ ਦੇ ਉਦੈਪੁਰ ਵਿਚ ਕਾਂਗਰਸ ਦਾ ਚਿੰਤਨ ਕੈਂਪ ਚਲ ਰਿਹਾ ਹੈ, ਉਥੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਨੇਤਾ ਸੁਨੀਲ ਜਾਖੜ ਨੇ ਫ਼ੇਸਬੁੱਕ ਉਪਰ ਲਾਈਵ ਹੋ ਕੇ ਮਨ ਦੀ ਬਾਤ ਕਰਦਿਆਂ ਕਾਂਗਰਸ ਛੱਡਣ ਦਾ ਐਲਾਨ ਕਰ ਕੇ ਵੱਡਾ ਧਮਾਕਾ ਕਰਦਿਆਂ ਪਾਰਟੀ ਅੰਦਰ ਹਲਚਲ ਮਚਾ ਦਿਤੀ ਹੈ |
ਜਾਖੜ ਨੇ ਪਾਰਟੀ ਨੂੰ  ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਇਸ ਸਮੇਂ ਚਾਪਲੂਸਾਂ ਵਿਚ ਬੁਰੀ ਤਰ੍ਹਾਂ ਘਿਰੀ ਹੋਈ ਹੈ ਅਤੇ ਇਸੇ ਕਾਰਨ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਹਾਲੇ ਵੀ ਨਾ ਸੰਭਲੀ ਤਾਂ ਹੋਂਦ ਹੀ ਮਿਟ ਜਾਵੇਗੀ |
ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ  ਸਲਾਹ ਦਿੰਦਿਆਂ ਜਾਖੜ ਨੇ ਕਿਹਾ ਕਿ ਚਾਪਲੂਸਾਂ ਨੂੰ  ਪਾਸੇ ਕਰ ਕੇ ਪਾਰਟੀ ਦੀ ਕਮਾਨ ਸਿੱਧੇ ਤੌਰ 'ਤੇ ਅਪਣੇ ਹੱਥ ਵਿਚ ਲਉ | ਉਨ੍ਹਾਂ ਅਪਣੇ ਮਨ ਦੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਕਾਂਗਰਸ ਨਾਲ ਨਾਤਾ ਟੁੱਟ ਰਿਹਾ ਹੈ ਪਰ ਪਾਰਟੀ ਨਾਲ 50 ਸਾਲ ਦਾ ਤਿੰਨ ਪੀੜ੍ਹੀਆਂ ਦਾ ਜੋ ਸਬੰਧ ਹੈ ਉਸ ਨੂੰ  ਭੁਲਾਇਆ ਨਹੀਂ ਜਾ ਸਕਦਾ | ਕਾਂਗਰਸ ਲਈ ਜਿਥੇ ਦਿਲ ਵਿਚ ਇਸ ਸਮੇਂ ਗੁੱਸਾ ਹੈ, ਉਥੇ ਨਾਲ ਦਰਦ ਵੀ ਹੈ | ਉਨ੍ਹਾਂ ਉਦੈਪੁਰ ਵਿਚ ਚਲ ਰਹੇ ਕਾਂਗਰਸ ਦੇ ਚਿੰਤਨ ਕੈਂਪ ਬਾਰੇ ਕਿਹਾ ਕਿ ਇਸ ਵਿਚ ਨੇਤਾਵਾਂ ਦੀ ਭੀੜ ਜ਼ਰੂਰ ਜੁੜੀ ਹੈ ਪਰ ਇਨ੍ਹਾਂ ਵਿਚ ਸੱਚੀ ਗੱਲ ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਅਤੇ ਇਹ ਕੈਂਪ ਇਕ ਦਿਖਾਵਾ ਮਾਤਰ ਹੀ ਬਣ ਕੇ ਰਹਿ ਜਾਣਾ ਹੈ |
ਜਾਖੜ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 403 ਸੀਟਾਂ ਵਿਚੋਂ ਕਾਂਗਰਸ ਨੂੰ  350 ਸੀਟਾਂ 'ਤੇ 2000 ਵੋਟਾਂ ਵੀ ਨਹੀਂ ਮਿਲੇ ਜਦਕਿ ਇਨੀ ਵੋਟ ਤਾਂ ਪੰਚਾਇਤ ਚੋਣ ਵਿਚ ਇਕ ਉਮੀਦਵਾਰ ਲੈ ਜਾਂਦਾ ਹੈ | ਇਸ ਲਈ ਉਮੀਦਵਾਰਾਂ ਦਾ ਦੋਸ਼ ਨਹੀਂ ਬਲਕਿ ਪਾਰਟੀ ਲੀਡਰਸ਼ਿਪ ਹੀ ਜ਼ਿੰਮੇਵਾਰ ਹੈ ਪਰ ਇਸ ਦਾ ਚਿੰਤਨ ਕਿਸੇ ਨੇ ਨਹੀਂ ਕਰਨਾ | ਇਹੀ ਹਾਲ ਗੋਆ ਅਤੇ ਉਤਰਾਖੰਡ ਵਿਚ ਹੋਇਆ | ਉਨ੍ਹਾਂ ਹਰੀਸ਼ ਰਾਵਤ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਇਕ ਪੈਰ ਪੰਜਾਬ ਤੇ ਦੂਜਾ ਉਤਰਾਖੰਡ ਵਿਚ ਰਿਹਾ | ਉਹ ਵੀ ਪੰਜਾਬ ਵਿਚ ਕਾਂਗਰਸ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਨ | ਪੰਜਾਬ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਅੰਬਿਕਾ ਸੋਨੀ ਨੇ ਬਿਆਨ ਦੇ ਕੇ ਆਪਸੀ ਭਾਈਚਾਰਾ ਤੋੜਨ ਦਾ ਕੰਮ ਕੀਤਾ ਹੈ | ਹਿੰਦੂ ਸਿੱਖਾਂ ਵਿਚ ਜੋ ਵੰਡ ਅਤਿਵਾਦ ਸਮੇਂ ਏ.ਕੇ. 47 ਵੀ ਨਹੀਂ ਪਾ ਸਕੀ ਉਹ ਵੰਡ ਸੋਨੀ ਨੇ ਪਾ ਦਿਤੀ | ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਇਹ ਕਹਿ ਕੇ ਹਿੰਦੂਆਂ ਦਾ ਅਪਮਾਨ ਕੀਤਾ ਕਿ ਹਿੰਦੂ ਸੀ.ਐਮ. ਬਣਾ ਦਿਤਾ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ |
ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ  ਸੰਬੋਧਨ ਹੁੰਦੇ ਹੋਏ ਕਿਹਾ ਕਿ ਜੇਕਰ ਅਜਿਹੇ ਨੇਤਾ ਪਾਰਟੀ ਵਿਚ ਰਹਿਣਗੇ ਤਾਂ ਪੰਜਾਬ ਵਿਚ ਕਾਂਗਰਸ ਕਦੇ ਅਪਣੇ ਮੁੜ ਪੈਰਾਂ 'ਤੇ ਖੜੀ ਨਹੀਂ ਹੋ ਸਕਦੀ | ਉਨ੍ਹਾਂ ਜਾਰੀ ਹੋਏ ਨੋਟਿਸ ਬਾਰੇ ਕਿਹਾ ਕਿ ਪਾਰਟੀ ਕੋਈ ਫ਼ੈਸਲਾ ਨਹੀਂ ਲੈ ਸਕੀ ਅਤੇ ਕਿਹਾ ਗਿਆ ਕਿ ਜਾਖੜ ਨੂੰ  ਸਾਰੇ ਅਹੁਦਿਆਂ ਤੋਂ ਹਟਾਇਆ ਜਾਂਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਮੇਰੇ ਕੋਲ ਕਿਹੜਾ ਅਹੁਦਾ ਸੀ? ਉਨ੍ਹਾਂ ਕਿਹਾ ਕਿ ਸੋਨੀਆ ਜੀ ਮੇਰੇ ਸਬੰਧ ਆਪ ਨਾਲ ਉਸ ਸਮੇਂ ਹੀ ਟੁੱਟ ਗਏ ਸਨ ਜਦ ਨੋਟਿਸ ਆਇਆ ਸੀ | ਜਾਖੜ ਨੇ ਕਿਹਾ ਕਿ ਦਿਲ ਵੀ ਤੋੜਿਆ ਪਰ ਸਲੀਕੇ ਨਾਲ ਨਹੀਂ ਤੋੜਿਆ | ਜਾਖੜਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਵਿਚ ਕਈ ਚਾਪਲੂਸ ਲੋਕ ਹਨ ਅਤੇ ਹੁਣ ਤਾਂ ਇਨ੍ਹਾਂ ਦੇ ਪਾਰਟੀ ਵਿਚ ਗੈਂਗ ਬਣ ਰਹੇ ਹਨ | ਇਨ੍ਹਾਂ ਨੂੰ  ਰਾਜਾਂ ਵਿਚ ਪਾਰਟੀ ਦਾ ਇੰਚਾਰਜ ਬਣਾ ਕੇ ਭੇਜਿਆ ਜਾਂਦਾ ਹੈ, ਜੋ ਪਾਰਟੀ ਨੂੰ  ਡੋਬਣ ਦਾ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਤਾਂ ਪੰਜਾਬ ਦੇ ਇੰਚਾਰਜ ਨੂੰ  ਵਾਡਮੇਰ ਦਾ ਡਾਕੂ ਤਕ ਕਹਿ ਦਿਤਾ ਸੀ ਪਰ ਪਾਰਟੀ ਨੇ ਇਨ੍ਹਾਂ ਗੰਭੀਰ ਦੋਸ਼ਾਂ ਦਾ ਨੋਟਿਸ ਤਕ ਨਹੀਂ ਲਿਆ | ਰਾਹੁਲ ਗਾਂਧੀ ਬਾਰੇ ਜਾਖੜ ਨੇ ਕਿਹਾ ਕਿ ਉਹ ਇਕ ਬਹੁਤ ਵਧੀਆ ਇਨਸਾਨ ਹਨ ਅਤੇ ਉਹ ਨਾ ਹੁੰਦੇ ਤਾਂ ਸ਼ਾਇਦ ਮੈਂ ਪਹਿਲਾਂ ਹੀ ਪਾਰਟੀ ਛੱਡ ਗਿਆ ਹੁੰਦਾ | ਉਨ੍ਹਾਂ ਨਾਲ ਹੀ ਰਾਹੁਲ ਨੂੰ  ਨਸੀਹਤ ਦਿੰਦੇ ਹੋਏ ਕਿਹਾ ਕਿ ਅੱਛੇ ਬੁਰੇ ਦੀ ਪਛਾਣ ਕਰਨੀ ਸਿਖਣੀ ਪਵੇਗੀ ਅਤੇ ਇਹ ਪਛਾਣ ਵੀ ਕਰਨੀ ਪਵੇਗੀ ਕਿ ਕੌਦ ਸੱਚਾ ਦੋਸਤ ਤੇ ਕੌਣ ਦੁਸ਼ਮਣ ਹੈ | ਜਾਖੜ ਨੇ ਕਿਹਾ,''ਮੈਂ ਕਾਂਗਰਸ ਵਿਚ ਬੈਗ਼ੈਰਤ ਅਤੇ ਚਾਪਲੂਸ ਆਗੂਆਂ ਨਾਲ ਨਹੀਂ ਰਹਿ ਸਕਦਾ ਅਤੇ ਚੰਗੇ ਮਾੜੇ ਦਾ ਫ਼ੈਸਲਾ ਸਮਾਂ ਕਰ ਦੇਵੇਗਾ | ਜਾਖੜ ਨੇ ਅੰਤ ਵਿਚ ਕਾਂਗਰਸ ਨੂੰ  ਗੁੱਡ ਬਾਏ ਕਿਹਾ ਤੇ ਸ਼ੁਭਕਾਮਨਾਵਾਂ ਵੀ ਦਿਤੀਆਂ |