ਔਖੀ ਘੜੀ ’ਚ ਪਾਰਟੀ ਛੱਡ ਕੇ ਸੁਨੀਲ ਜਾਖੜ ਨੇ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਿਆ : ਸੁਖਜਿੰਦਰ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਪਾਰਟੀ ਦਾ ਚਿੰਤਨ ਪ੍ਰੋਗਰਾਮ ਚਲ ਰਿਹਾ ਹੋਵੇ ਤਾਂ ਉਸ ਸਮੇਂ ਇਹ ਐਲਾਨ ਪਾਰਟੀ ਨੂੰ ਹੋਰ ਵੀ ਨੁਕਸਾਨ ਕਰਨ ਵਾਲਾ ਹੈ।

Sukhjinder Randhawa

 

ਚੰਡੀਗੜ੍ਹ (ਭੁੱਲਰ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਆਗੂਆਂ ਦੇ ਰਲੇ ਮਿਲੇ ਪ੍ਰਤੀਕਰਮ ਸਾਹਮਣੇ ਆਏ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਟਿਪਣੀ ਕਰਦਿਆਂ ਕਿਹਾ ਹੈ ਕਿ ਔਖੀ ਘੜੀ ਸਮੇਂ ਅਜਿਹਾ ਫ਼ੈਸਲਾ ਕਰ ਕੇ ਜਾਖੜ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦਾ ਚਿੰਤਨ ਪ੍ਰੋਗਰਾਮ ਚਲ ਰਿਹਾ ਹੋਵੇ ਤਾਂ ਉਸ ਸਮੇਂ ਇਹ ਐਲਾਨ ਪਾਰਟੀ ਨੂੰ ਹੋਰ ਵੀ ਨੁਕਸਾਨ ਕਰਨ ਵਾਲਾ ਹੈ।

ਰੰਧਾਵਾ ਨੇ ਕਿਹਾ ਕਿ ਜਾਖੜ ਨੇ ਪਾਰਟੀ ਵਿਚ ਵੱਡੇ ਵੱਡੇ ਅਹੁਦੇ ਮਾਣੇ ਤੇ ਹੁਣ ਜਦੋਂ ਨਾਲ ਖੜਨਾ ਸੀ ਤਾਂ ਮੁਸ਼ਕਲ ਵੇਲੇ ਧੋਖਾ ਕਰ ਕੇ ਚਲੇ ਗਏ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਹਾਈ ਕਮਾਨ ਵਲੋਂ  ਪੁਰਾਣੇ ਕਾਂਗਰਸੀ ਆਗੂਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਉਨ੍ਹਾਂ ਦੀ ਰਾਏ ਨਾ ਮੰਨਣ ਕਾਰਨ ਇਹ ਸਥਿਤੀ ਬਣੀ ਹੈ। ਇਸ ਸਮੇ ਪੰਜਾਬ ਕਾਂਗਰਸ ਵਿਚ 80 ਫ਼ੀ ਸਦੀ ਨਵੇਂ ਦਲ ਬਦਲੂ ਆਗੂ ਭਾਰੂ ਹਨ।

ਪਾਰਟੀ ਲਈ ਜਾਖੜ ਵਰਗੇ ਵੱਡੇ ਟਕਸਾਲੀ ਆਗੂ ਦਾ ਇਸ ਤਰ੍ਹਾਂ ਪਾਰਟੀ ਛੱਡ ਜਾਣਾ ਚਿੰਤਾ ਦਾ ਵਿਸ਼ਾ ਹੈ ਜਦਕਿ ਦੇਸ਼ ਵਿਚ ਕਾਂਗਰਸ ਇਸ ਸਮੇਂ ਬਹੁਤ ਕਮਜ਼ੋਰ ਹੋ ਚੁਕੀ ਹੈ ਜਿਸ ਨੂੰ ਮੁੜ ਖੜੇ ਕਰਨ ਵਲ ਧਿਆਨ ਹੋਣਾ ਚਾਹੀਦਾ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਾਖੜ ਦਾ ਐਲਾਨ ਦੁਖਦਾਈ ਹੈ।