46 ਫ਼ੀ ਸਦੀ ਨਾਲ ਪੰਜਾਬ ਬਣਿਆ ਦੇਸ਼ ਦੇ ਕਣਕ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਸੂਬਾ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਤਕ ਲਗਭਗ 256 ਲੱਖ ਮੀਟ੍ਰਿਕ ਟਨ ਹੋਈ ਕਣਕ ਦੀ ਖ੍ਰੀਦ

Representational Image

ਵਾਢੀ ਦੇ ਸੀਜ਼ਨ ਦੌਰਾਨ ਬੇਮੌਸਮੀ ਬਰਸਾਤ ਦੇ ਬਾਵਜੂਦ ਨਿਕਲਿਆ ਚੰਗਾ ਝਾੜ

ਸੂਬਾ            ਕਣਕ ਦੀ ਖ੍ਰੀਦ (ਲੱਖ ਮੀਟਰਕ ਟਨ)
ਪੰਜਾਬ            120.26
ਮੱਧ ਪ੍ਰਦੇਸ਼        68.85
ਹਰਿਆਣਾ        62.6
ਰਾਜਸਥਾਨ       3.49
ਉੱਤਰ ਪ੍ਰਦੇਸ਼      1.92


ਨਵੀਂ ਦਿੱਲੀ : ਪੰਜਾਬ ਵਿਚ ਫ਼ਸਲ ਦੀ ਵਾਢੀ ਦੇ ਅੰਤ ਤੱਕ ਖ਼ਰਾਬ ਮੌਸਮ ਦੀ ਮਾਰ ਝੱਲਣੀ ਪਈ ਪਰ ਇਸ ਦੇ ਬਾਵਜੂਦ ਪੰਜਾਬ ਇਕ ਵਾਰ ਫਿਰ ਰਾਸ਼ਟਰੀ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਦੇਸ਼ ਬਣ ਗਿਆ ਹੈ।

ਭਾਰਤੀ ਖੁਰਾਕ ਨਿਗਮ ਵਲੋਂ ਹੁਣ ਤੱਕ ਖ੍ਰੀਦੀ ਗਈ ਕੁੱਲ ਕਣਕ ਵਿਚੋਂ 46 ਫ਼ੀ ਸਦੀ ਤੋਂ ਵੱਧ ਕਣਕ ਪੰਜਾਬ ਦੀ ਹੈ। ਦੇਸ਼ ਦਾ ਕਣਕ ਦਾ ਭੰਡਾਰ ਇਸ ਸਾਲ ਪਹਿਲਾਂ ਹੀ ਭਰਿਆ ਜਾ ਚੁੱਕਾ ਹੈ ਅਤੇ ਖ਼ੁਰਾਕ ਸੁਰੱਖਿਆ ਦੇ ਮਾਮਲੇ ਵਿਚ ਭਾਰਤ ਨੂੰ ਇਕ ਆਰਾਮਦਾਇਕ ਸਥਿਤੀ ਵਿਚ ਰਖਿਆ ਗਿਆ ਹੈ।

ਐਫ਼.ਸੀ.ਆਈ. ਨੇ ਇਸ ਸਾਲ ਹੁਣ ਤਕ ਲਗਭਗ 256 ਲੱਖ ਮੀਟ੍ਰਿਕ ਟਨ (LMT) ਕਣਕ ਦੀ ਖ੍ਰੀਦ ਕੀਤੀ ਹੈ। ਇਸ ਵਿਚੋਂ 120.26 ਲੱਖ ਮੀਟਰਕ ਟਨ ਪੰਜਾਬ ਤੋਂ ਖ੍ਰੀਦਿਆ ਗਿਆ, ਜੋ ਪਿਛਲੇ ਸਾਲ ਦੇ 95.56 ਲੱਖ ਮੀਟਰਕ ਟਨ ਦੇ ਮੁਕਾਬਲੇ 24.7 ਲੱਖ ਮੀਟਰਕ ਟਨ ਜ਼ਿਆਦਾ ਹੈ।

ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਿਸ ਨੇ ਰਾਸ਼ਟਰੀ ਅਨਾਜ ਭੰਡਾਰ ਵਿਚ 68.85 ਲੱਖ ਮੀਟ੍ਰਿਕ ਟਨ ਕਣਕ ਦਾ ਯੋਗਦਾਨ ਪਾਇਆ ਅਤੇ ਹਰਿਆਣਾ ਨੇ 62.86 ਲੱਖ ਮੀਟ੍ਰਿਕ ਟਨ ਕਣਕ ਦੀ ਸਪਲਾਈ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚ ਖ੍ਰੀਦ ਪਹਿਲਾਂ ਹੀ ਸਿਖ਼ਰ 'ਤੇ ਹੈ।

ਅਸ਼ੋਕ ਮੀਨਾ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਐਫ਼.ਸੀ.ਆਈ. ਨੇ ਕਿਹਾ, “ਸਾਨੂੰ ਜਨਤਕ ਵੰਡ ਪ੍ਰਣਾਲੀ (PDS) ਲਈ ਲਗਭਗ 186 ਲੱਖ ਮੀਟ੍ਰਿਕ ਟਨ ਕਣਕ ਦੀ ਲੋੜ ਹੈ, ਜੋ ਕਿ ਸਾਨੂੰ ਪਹਿਲਾਂ ਹੀ ਮਿਲ ਚੁੱਕੀ ਹੈ। ਵਰਤਮਾਨ ਵਿਚ, ਸਾਡੇ ਕੋਲ 315 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਭੰਡਾਰ ਹੈ। ਐਫ਼.ਸੀ.ਆਈ. ਨਿਯਮਾਂ ਦੇ ਅਨੁਸਾਰ, 1 ਜੁਲਾਈ ਨੂੰ ਦੇਸ਼ ਭਰ ਵਿਚ ਖ੍ਰੀਦ ਸੀਜ਼ਨ ਖ਼ਤਮ ਹੋਣ ਤਕ ਲਗਭਗ 245.80 ਲੱਖ ਮੀਟ੍ਰਿਕ ਟਨ ਕਣਕ ਦੀ ਲੋੜ ਹੁੰਦੀ ਹੈ। 2022 ਵਿਚ, ਕੇਂਦਰ ਦੀ ਕਣਕ ਦੀ ਖ੍ਰੀਦ 180 ਲੱਖ ਮੀਟ੍ਰਿਕ ਟਨ ਤਕ ਡਿੱਗ ਗਈ ਸੀ ਕਿਉਂਕਿ ਇਕ ਲੰਮੀ ਗਰਮੀ ਦੀ ਲਹਿਰ ਕਾਰਨ ਉੱਚ ਨਿਰਯਾਤ ਅਤੇ ਉਤਪਾਦਨ ਵਿਚ ਨੁਕਸਾਨ ਹੋਇਆ ਸੀ।’’

ਇਹ ਵੀ ਪੜ੍ਹੋ: ਮਾਣਹਾਨੀ ਮਾਮਲਾ : ਸੰਗਰੂਰ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਜਾਰੀ ਕੀਤਾ ਸੰਮਨ 

ਹਾਲਾਂਕਿ ਐਫ਼.ਸੀ.ਆਈ. ਨੂੰ ਅਪਣੇ ਭੰਡਾਰ ਨੂੰ ਭਰਨ ਲਈ ਲੋੜੀਂਦੀ ਕਣਕ ਮਿਲੀ ਹੈ, ਪਰ ਪ੍ਰਾਈਵੇਟ ਕੰਪਨੀਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਤੋਂ ਵੱਧ ਕੀਮਤਾਂ ਦੀ ਪੇਸ਼ਕਸ਼ ਕਰ ਕੇ ਕੁਝ ਸੂਬਿਆਂ ਵਿਚ ਖ੍ਰੀਦ ਦਾ ਦਬਦਬਾ ਬਣਾਇਆ। ਐਫ਼.ਸੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਮਿਲ ਰਿਹਾ ਹੈ, ਜਿਥੇ ਏਜੰਸੀ ਦੁਆਰਾ ਖ੍ਰੀਦ ਘੱਟ ਸੀ। ਇਸ ਤੋਂ ਇਲਾਵਾ, ਬਹੁਤ ਸਾਰੇ ਕਿਸਾਨ ਬਾਅਦ ਵਿਚ ਵੱਧ ਭਾਅ ਪ੍ਰਾਪਤ ਕਰਨ ਦੀ ਉਮੀਦ ਨਾਲ ਆਪਣੀ ਉਪਜ ਨਹੀਂ ਵੇਚ ਰਹੇ ਸਨ।

ਅਧਿਕਾਰਤ ਅੰਕੜਿਆਂ ਅਨੁਸਾਰ, ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਹੈ, ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਪੰਜਾਬ ਦਾ ਨੰਬਰ ਆਉਂਦਾ ਹੈ।