ਵੱਧਦੀ ਗਰਮੀ ਨਾਲ ਮਹਿੰਗੀ ਹੋਈ ਪੰਜਾਬ 'ਚ ਬਿਜਲੀ, ਇੰਝ ਰਹਿਣਗੀਆਂ ਦਰਾਂ 

ਏਜੰਸੀ

ਖ਼ਬਰਾਂ, ਪੰਜਾਬ

ਇਹ ਨਵਾਂ ਟੈਰਿਫ 16 ਮਈ 2023 ਤੋਂ 31 ਮਾਰਚ 2024 ਤੱਕ ਲਾਗੂ ਰਹੇਗਾ।

Electricity

ਚੰਡੀਗੜ੍ਹ : ਪੰਜਾਬ ਵਿਚ ਹਾਲ ਹੀ 'ਚ ਬਿਜਲੀ ਦਰਾਂ 'ਚ ਵਾਧਾ ਕੀਤਾ ਗਿਆ ਹੈ। ਇਹ ਦਰਾਂ ਭਲਕੇ ਤੋਂ ਲਾਗੂ ਹੋ ਜਾਣਗੀਆਂ। ਇਸ ਸਬੰਧੀ ਹੁਕਮ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕੀਤੇ ਹਨ। ਬਿਜਲੀ ਦੀਆਂ ਦਰਾਂ 'ਚ ਪ੍ਰਤੀ ਯੂਨਿਟ 56 ਪੈਸਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਬਿਜਲੀ ਦਰਾਂ 'ਚ ਕੀਤੇ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ। ਇਸ ਦਾ ਆਮ ਲੋਕਾਂ 'ਤੇ ਕੋਈ ਵੀ ਬੋਝ ਨਹੀਂ ਪਵੇਗਾ। 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ 'ਤੇ ਇਸ ਦਾ ਅਸਰ ਨਹੀਂ ਪਵੇਗਾ।  

 

ਇੰਝ ਹੋਣਗੀਆਂ ਨਵੀਆਂ ਦਰਾਂ 
- 2 ਕਿਲੋਵਾਟ ਤੱਕ ਦੀਆਂ ਦਰਾਂ 
ਯੂਨਿਟ - ਪੁਰਾਣਾ ਰੇਟ- ਨਵਾਂ ਰੇਟ - ਇਜ਼ਾਫਾ 

0-100- 3.49 ਰੁ. - 4.19 ਰੁ. - 70 ਪੈਸੇ 
101-300- 5.84 ਰੁ.- 6.64 ਰੁ.- 80 ਪੈਸੇ
300 ਤੋਂ ਵੱਧ - 7.30 ਰੁ. - 7.75 ਰੁ. - 45 ਪੈਸੇ  

- 2 ਤੋਂ 7 ਕਿਲੋਵਾਟ ਤੱਕ ਦੀਆਂ ਦਰਾਂ 
ਯੂਨਿਟ - ਪੁਰਾਣਾ ਰੇਟ- ਨਵਾਂ ਰੇਟ - ਇਜ਼ਾਫਾ 
0-100- 3.74 ਰੁ. - 4.44 ਰੁ. - 70 ਪੈਸੇ 
101-300- 5.84 ਰੁ.- 6.64 ਰੁ.- 80 ਪੈਸੇ
300 ਤੋਂ ਵੱਧ - 7.30 ਰੁ. - 7.75 ਰੁ. - 45 ਪੈਸੇ  

- 7-50 ਕਿਲੋਵਾਟ ਤੱਕ ਦੀਆਂ ਦਰਾਂ 
ਯੂਨਿਟ - ਪੁਰਾਣਾ ਰੇਟ- ਨਵਾਂ ਰੇਟ - ਇਜ਼ਾਫਾ 
0-100- 4.64 ਰੁ. - 5.34 ਰੁ. - 70 ਪੈਸੇ 
101-300- 6.50 ਰੁ.- 7.15 ਰੁ.- 65 ਪੈਸੇ
300 ਤੋਂ ਵੱਧ - 7.50 ਰੁ. - 7.75 ਰੁ. - 25 ਪੈਸੇ

ਇਹ ਨਵਾਂ ਟੈਰਿਫ 16.05.2023 ਤੋਂ 31.03.2024 ਤੱਕ ਲਾਗੂ ਰਹੇਗਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਹਨਾਂ ਦਰਾਂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਹੈ ਤੇ ਤੰਜ਼ ਕਸਦੇ ਹੋਏ ਲਿਖਿਆ ਕਿ ਜਲ਼ੰਧਰ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਪ ਸਰਕਾਰ ਦੀ ਪਹਿਲੀ ਸੁਗਾਤ। ਬਿਜਲੀ ਦੇ ਰੇਟਾਂ ਵਿਚ ਕੀਤਾ ਵਾਧਾ। ਪਾਵਰ ਕੰਪਨੀਆਂ ਨਾਲ ਹੋਏ ਐਗਰੀਮੈਂਟ ਕਦੋਂ ਕੈਂਸਲ ਕਰ ਰਹੇ ਹੋ? 

ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਇਹਨਾਂ ਵਧੀਆਂ ਦਰਾਂ ਨੂੰ ਲੈ ਕੇ ਕਿਹਾ ਕਿ ਅਜੇ ਜਲੰਧਰ ਚੋਣ ਜਿੱਤੇ ਨੂੰ ਇਕ ਦਿਨ ਹੀ ਹੋਇਆ ਹੈ ਤੇ ਸਰਕਾਰ ਨੇ ਆਮ ਲੋਕਾਂ ਨੂੰ ਅੱਜ ਤੋੜ ਕੇ ਰੱਖ ਦਿੱਤਾ ਹੈ। ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਆਮ ਆਦਮੀ ਪਾਰਟੀ 4 ਦਿਨ ਲੋਕਾਂ ਨੂੰ ਸੁੱਖ ਦਾ ਸਾਹ ਦੇ ਕੇ ਫਿਰ ਉਸ ਤੋਂ ਬਾਅਦ ਲੋਕਾਂ ਦਾ ਖੂਨ ਨਚੋੜ ਲੈਂਦੀ ਹੈ। ਅਸੀਂ ਇਸ ਫੈ਼ਸਲੇ ਦੇ ਸਖ਼ਤ ਖਿਲਾਫ਼ ਹਾਂ ਤੇ ਅਸੀਂ ਇਸ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕਰਾਂਗੇ।