ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿਚ ਪੰਜਾਬ 'ਚੋਂ ਮੋਹਰੀ : ਦੇਵ ਮਾਨ
ਕਿਹਾ, ਪੰਜਾਬ ਸਰਕਾਰ ਵਲੋਂ ਦਿਤੇ ਟੀਚੇ ਤੋਂ ਵੀ ਵੱਧ ਹੋਇਆ ਟੈਕਸ ਇਕੱਠਾ
ਨਾਭਾ : ਵਿਧਾਨ ਸਭਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਨਗਰ ਕੌਂਸਲ ਨਾਭਾ ਵਿਖੇ ਕਾਨਫ਼ਰੰਸ ਕੀਤੀ ਜਿਸ ਵਿਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿਚ ਪੰਜਾਬ 'ਚੋਂ ਮੋਹਰੀ ਰਿਹਾ ਹੈ।
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਜੋ ਟੀਚਾ ਨਗਰ ਕੌਂਸਲ ਨਾਭਾ ਨੂੰ ਦਿਤਾ ਸੀ ਉਸ ਵਿਚ ਵਾਧਾ ਕਰ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਾਭਾ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਭਾ ਦੀ ਅਗਵਾਈ ਵਿਚ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਜਿਸ ਕਾਰਨ ਟੈਕਸ ਇਕੱਠਾ ਕਰਨ ਵਿਚ ਪਹਿਲਾ ਸਥਾਨ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਇਟਲੀ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਉਨ੍ਹਾਂ ਦਸਿਆ ਕਿ ਨਗਰ ਕੌਂਸਲ ਨਾਭਾ ਨੇ 2159 ਰਿਹਾਇਸ਼ੀ ਯੂਨਿਟਾਂ ਤੋਂ 17 ਲੱਖ 36 ਹਜ਼ਾਰ ਰੁਪਏ ਅਤੇ 1637 ਕਮਰਸ਼ੀਅਲ ਯੂਨਿਟ ਤੋਂ 1 ਕਰੋੜ 61 ਲੱਖ 20 ਹਜ਼ਾਰ ਰੁਪਏ ਯਾਨੀ ਕੁੱਲ 3791 ਯੂਨਿਟਾਂ ਤੋਂ 1 ਕਰੋੜ 78 ਲੱਖ 56 ਰੁਪਏ ਇਕੱਠੇ ਕੀਤੇ ਹਨ। ਦੇਵ ਮਨ ਨੇ ਕਿਹਾ ਕਿ ਇਹ ਅੰਕੜਾ ਸਰਕਾਰ ਵਲੋਂ ਦਿਤੇ ਟੀਚੇ ਤੋਂ ਵੱਧ ਹੈ। ਨਗਰ ਕੌਂਸਲ ਨਾਭਾ ਵਲੋਂ ਸ਼ਹਿਰ ਵਿਚ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ।