ਤਰਨਤਾਰਨ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸਿਆਸੀ ਆਗੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵ੍ਹਟਸਐਪ ਗਰੁੱਪ ’ਚ ਮਹਿਲਾ ਬਾਰੇ ਅਸ਼ਲੀਲ ਮੈਸੇਜ ਭੇਜਣ ਦਾ ਇਲਜ਼ਾਮ 

Punjab News

ਤਰਨਤਾਰਨ : ਤਰਨਤਾਰਨ 'ਚ ਪੁਲਿਸ ਨੇ ਇਕ ਸਿਆਸੀ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਸ ਸਿਆਸੀ ਨੇਤਾ 'ਤੇ ਇਕ ਵ੍ਹਟਸਐਪ ਗਰੁੱਪ 'ਚ ਐਨ.ਆਰ.ਆਈ. ਦੀ ਪਤਨੀ ਨੂੰ ਗ਼ਲਤ ਸੰਦੇਸ਼ ਭੇਜਣ ਦਾ ਦੋਸ਼ ਹੈ। ਮੁਲਜ਼ਮ ਦਾ ਨਾਮ ਹਰਪ੍ਰੀਤ ਸਿੰਘ ਦਸਿਆ ਜਾ ਰਿਹਾ ਹੈ।

ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਇੰਸਪੈਕਟਰ ਰਜਿੰਦਰਾ ਸਿੰਘ ਨੇ ਦਸਿਆ ਕਿ ਹਰਪ੍ਰੀਤ ਸਿੰਘ ਵਿਰੁਧ ਧਾਰਾ 509 ਆਈ.ਪੀ.ਸੀ ਅਤੇ 67-ਏ ਆਈ.ਟੀ.ਐਕਟ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੀੜਤ ਔਰਤ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਦਸਿਆ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਹ ਘਰੇਲੂ ਔਰਤ ਹੈ। ਉਸ ਦੇ ਮੋਬਾਈਲ ਨੰਬਰ ’ਤੇ 28 ਅਪ੍ਰੈਲ ਦੀ ਰਾਤ ਕਰੀਬ 8.15 ਵਜੇ ਉਸ ਨੂੰ ਵੱਖ-ਵੱਖ ਨੰਬਰਾਂ ’ਤੇ ਵ੍ਹਟਸਐਪ ਮੈਸੇਜ ਅਤੇ ਫ਼ੋਨ ਆਉਣੇ ਸ਼ੁਰੂ ਹੋ ਗਏ।

ਇਹ ਵੀ ਪੜ੍ਹੋ: ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿਚ ਪੰਜਾਬ 'ਚੋਂ ਮੋਹਰੀ :  ਦੇਵ ਮਾਨ 

ਮੈਸੇਜ ਵਿਚ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਫਿਰ ਉਸ ਨੂੰ ਕਿਸੇ ਹੋਰ ਮੋਬਾਈਲ ਨੰਬਰ ਤੋਂ ਵ੍ਹਟਸਐਪ ਮੈਸੇਜ ਮਿਲੇ। ਔਰਤ ਨੇ ਦਸਿਆ ਕਿ ਇਕ ਵ੍ਹਟਸਐਪ ਗਰੁੱਪ 'ਚ ਉਸ ਵਿਰੁਧ ਗ਼ਲਤ ਮੈਸੇਜ ਵੀ ਪੋਸਟ ਕੀਤੇ ਗਏ, ਜਿਸ ਦਾ ਸਕਰੀਨ ਸ਼ਾਟ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਜਦੋਂ ਮੁਲਜ਼ਮ ਦੇ ਨੰਬਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਾ ਕਿ ਇਹ ਨੰਬਰ ਚੱਪੜੀ ਸਾਹਿਬ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦਾ ਹੈ। ਗਰੁੱਪ 'ਚ ਕਈ ਤਰ੍ਹਾਂ ਦੇ ਗ਼ਲਤ ਮੈਸੇਜ ਪਾਉਣ ਕਾਰਨ ਔਰਤ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਆਉਣ ਲੱਗੇ। ਪਹਿਲਾਂ ਤਾਂ ਔਰਤ ਨੇ ਮਾਮਲੇ ਨੂੰ ਦਬਾਇਆ ਪਰ ਆਖਰਕਾਰ ਉਸ ਨੇ ਅਪਣੀ ਸੱਸ ਅਤੇ ਨਨਾਣ ਨੂੰ ਨਾਲ ਲੈ ਕੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।