ਲੁਧਿਆਣਾ ਵਿਖੇ ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸਤਦਾਨਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਥੀਆਂ ਨੇ ਸ਼ਹੀਦ ਨੂੰ ਦਿਤੀ ਸ਼ਰਧਾਂਜਲੀ

PUnjab News

ਸ਼ਹੀਦ ਦੀ ਯਾਦ ਵਿਚ ਬਣਾਈ ਗਈ ਯਾਦਗਾਰੀ ਕੰਧ

ਲੁਧਿਆਣਾ (ਸਨਮ ਭੱਲਾ, ਕੋਮਲਜੀਤ ਕੌਰ) : ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਨਾਲ ਫ਼ਾਂਸੀ ਦਾ ਫੰਦਾ ਚੁੰਮ ਕੇ ਦੇਸ਼ ਦੀ ਆਜ਼ਾਦੀ ਲਈ ਜਾਨ ਦੇਣ ਵਾਲੇ ਸ਼ਹੀਦ ਸੁਖਦੇਵ ਥਾਪਰ ਦੀ ਅੱਜ ਜਨਮ ਵਰ੍ਹੇਗੰਢ ਹੈ। ਸੁਖਦੇਵ ਥਾਪਰ ਦਾ ਜਨਮ 15 ਮਈ 1907 ਨੂੰ ਲੁਧਿਆਣਾ ਵਿਖੇ ਹੋਇਆ ਜਿਸ ਨੂੰ ਅਜੇਕੱਲ ਨੌਂ ਘਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸਪੋਕਸਮੈਨ ਟੀਮ ਵਲੋਂ ਸ਼ਹੀਦ ਦੇ ਪ੍ਰਵਾਰ ਨਾਲ ਖ਼ਾਸ ਗਲਬਾਤ ਕੀਤੀ ਗਈ।

ਇਸ ਮੌਕੇ ਸ਼ਹੀਦ ਦੇ ਪ੍ਰਵਾਰਕ ਮੈਂਬਰ ਤ੍ਰਿਭੁਵਣ ਥਾਪਰ ਨੇ ਸਪੋਕੇਸਮੈਨ ਟੀਮ ਦਾ ਧਨਵਾਦ ਕਰਦਿਆਂ ਦੇਸ਼-ਵਿਦੇਸ਼ ਵਿਚ ਬੈਠੇ ਦੇਸ਼ ਭਗਤਾਂ ਨੂੰ ਸ਼ਹੀਦ ਦੇ 116ਵੇਂ ਜਨਮ ਦਿਹਾੜੇ ਦੀ ਵਧਾਈ ਦਿਤੀ। ਉਨ੍ਹਾਂ ਦਸਿਆ ਕਿ ਸਾਡਾ ਸਾਲਾਂ ਤੋਂ ਚਲਿਆ ਆ ਰਿਹਾ ਸੰਘਰਸ਼ ਹੁਣ ਲਗਭਗ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸ਼ਹੀਦ ਸੁਖਦੇਵ ਥਾਪਰ ਦੀ ਯਾਦ ਵਿਚ ਇਕ ਹੈਰੀਟੇਜ ਵਾਲ (ਯਾਦਗਾਰੀ ਕੰਧ) ਬਣ ਗਈ ਹੈ ਅਤੇ ਘਰ ਦਾ ਰੱਖ-ਰਖਾਅ ਵੀ ਸੁਚੱਜੇ ਢੰਗ ਨਾਲ ਹੋ ਰਿਹਾ ਹੈ। ਇਸ ਮੌਕੇ ਸ਼ਹੀਦ ਸੁਖਦੇਵ ਥਾਪਰ ਦਾ ਬੁੱਤ ਲਗਾਇਆ ਗਿਆ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਈਲਵਾਲ ਤੇ ਤੂੰਗਾਂ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਖਿਆ ਨੀਂਹ ਪੱਥਰ

ਉਨ੍ਹਾਂ ਦਸਿਆ ਕਿ ਯਾਦਗਾਰ ਨੂੰ ਆਉਂਦੇ ਰਸਤੇ ਦਾ ਜੋ ਕੰਮ ਰਹਿੰਦਾ ਹੈ ਉਸ ਨੂੰ ਮੁਕੰਮਲ ਕਰਨ ਲਈ ਛੇਵੇਂ ਮਹੀਨੇ ਤਕ ਦਾ ਸਮਾਂ ਦਿਤਾ ਗਿਆ ਹੈ ਜੋ ਕਿ ਜਲਦ ਹੀ ਪੂਰਾ ਹੋਣ ਦੀ ਉਮੀਦ ਹੈ। ਤ੍ਰਿਭੁਵਣ ਥਾਪਰ ਨੇ ਦਸਿਆ ਕਿ ਇਹ ਯਾਦਗਾਰੀ ਸਥਾਨ ਬਣਾਉਣ ਲਈ 50 ਲੱਖ ਰੁਪਏ ਦਾ ਟੈਂਡਰ ਪਾਸ ਹੋਇਆ ਜੀ ਜਿਸ ਦੀ ਮਦਦ ਨਾਲ ਇਸ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਯਾਦਗਾਰ ਦਾ ਰੱਖ-ਰਖਾਅ ਰਿਵਾਇਤੀ ਅਤੇ ਕੁਦਰਤੀ ਤਰੀਕੇ ਨਾਲ ਕੀਤਾ ਗਿਆ ਹੈ।

ਸ਼ਹੀਦ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਇਲਾਕਾ ਨਿਵਾਸੀਆਂ ਅਤੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਰੇਲਵੇਅ ਸਟੇਸ਼ਨ ਦਾ ਨਾਂਅ ਸ਼ਹੀਦ ਸੁਖਦੇਵ ਥਾਪਰ ਦੇ ਨਾਂਅ 'ਤੇ ਰਖਿਆ ਜਾਵੇ ਤਾਂ ਜੋ ਜਨਤਾ ਵਿਚ ਸ਼ਹੀਦਾਂ ਬਾਰੇ ਹੋਰ ਜਾਗਰੂਕਤਾ ਪੈਦਾ ਹੋ ਸਕੇ ਅਤੇ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿਤੀ ਜਾ ਸਕੇ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਸ਼ਹੀਦ ਸੁਖਦੇਵ ਦੇ ਜਨਮ ਦਿਹਾੜੇ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਚਿੱਟੇ ਮੋਤੀਏ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੱਡੀਆਂ, ਦੰਦਾਂ, ਅੱਖਾਂ ਆਦਿ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਨੌਜੁਆਨਾਂ ਵਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਹੈ।