ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵਲੋਂ ਮੰਡੀ ਗੋਬਿੰਦਗੜ੍ਹ ਵਿਖੇ ਚੈਕਿੰਗ
ਬਾਲ ਸੁਰੱਖਿਆ ਯੂਨਿਟ ਵੱਲੋਂ ਜ਼ਿਲ੍ਹੇ ਦੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਚਲਦਿਆਂ ਜ਼ਿਲ੍ਹੇ ਵਿੱਚੋਂ ...
ਫਤਿਹਗੜ੍ਹ ਸਾਹਿਬ, ਬਾਲ ਸੁਰੱਖਿਆ ਯੂਨਿਟ ਵੱਲੋਂ ਜ਼ਿਲ੍ਹੇ ਦੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਚਲਦਿਆਂ ਜ਼ਿਲ੍ਹੇ ਵਿੱਚੋਂ ਬਾਲ ਮਜਦੂਰੀ ਤੇ ਬਾਲ ਭਿੱਖਿਆ ਦੇ ਖਾਤਮੇ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਗਠਿਤ ਕੀਤੀ ਗਈ ਹੈ। ਇਹ ਟੀਮ ਸਮੇਂ-ਸਮੇਂ ਤੇ ਵੱਖ-ਵੱਖ ਸਥਾਨਾਂ ਤੇ ਅਚਨਚੇਤ ਚੈਕਿੰਗ ਕਰਕੇ ਬਾਲ ਮਜਦੂਰੀ ਤੇ ਬਾਲ ਭਿੱਖਿਆ ਦੇ ਖਾਤਮੇ ਵਿੱਚ ਯੋਗਦਾਨ ਪਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬਾਲ ਮਜਦੂਰੀ ਸਪਤਾਹ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਜਦੂਰੀ ਤੋਂ ਹਟਾ ਕੇ ਸਿੱਖਿਆ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਬੱਚਿਆਂ ਤੋਂ ਬਾਲ ਮਜਦੂਰੀ ਕਰਵਾਉਂਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਬਾਲ ਮਜਦੂਰੀ ਤੇ ਬਾਲ ਭਿੱਖਿਆ ਨੂੰ ਰੋਕਣ ਲਈ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨੇ ਅਮਲੋਹ ਬਲਾਕ ਦੇ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਟੀਮ ਵੱਲੋਂ ਅਮਲੋਹ ਰੋਡ ਤੇ ਪੈਂਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਬੱਚਿਆਂ ਦੀ ਜਾਂਚ ਕੀਤੀ। ਇਸ ਚੈਕਿੰਗ ਦੌਰਾਨ ਦੋ ਬੱਚੇ ਦੁਕਾਨਾਂ ਤੇ ਕੰਮ ਕਰਦੇ ਹੋਏ ਮਿਲੇ ਜਿਹਨਾਂ ਨੂੰ ਬਾਲ ਭਲਾਈ ਕਮੇਟੀ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ।
ਇਸ ਸਬੰਧੀ ਕਿਰਤ ਅਫਸਰ ਰਾਮ ਸਿੰਘ ਅਤੇ ਪਵਨੀਤ ਕੌਰ ਨੇ ਦੋ ਦੁਕਾਨਦਾਰਾਂ ਦੇ ਚਲਾਣ ਵੀ ਕੀਤੇ। ਇਸ ਮੌਕੇ ਪੁਲਿਸ ਵਿਭਾਗ ਦੇ ਨੁਮਾਇੰਦੇ, ਸੀ.ਡੀ.ਪੀ.ਓ. ਅਨੀਤਾ ਰਾਣੀ, ਹਰਪ੍ਰੀਤ ਕੌਰ ਸੋਸ਼ਲ ਵਰਕਰ, ਆਊਟਰੀਚ ਵਰਕਰ ਹਰਦੀਪ ਕੌਰ, ਸਿੱਖਿਆ ਵਿਭਾਗ ਦੇ ਨੁਮਾਇੰਦੇ ਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।