ਖੰਨਾ ਦੇ ਲਾਈਨੋ ਪਾਰ ਵਾਰਡ ਨੰਬਰ ਸੱਤ ਦੇ ਲੋਕ ਗੰਦੇ ਪਾਣੀ ਤੋਂ ਦੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ ਦੇ ਲਲਹੇੜੀ ਰੋਡ ਦੇ ਲਾਈਨੋ ਪਾਰ ਵਾਰਡ ਨੰਬਰ 7 ਦੇ ਲੋਕਾਂ ਨੇ ਗਲੀਆਂ 'ਚ ਖੜੇ ਰਹਿੰਦੇ ਬਦਬੂ ਮਾਰਦੇ ਚਿੱਕੜ, ਗੰਦੇ ਪਾਣੀ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ...

People protesting against Dirty Water

ਖੰਨਾ, ਖੰਨਾ ਦੇ ਲਲਹੇੜੀ ਰੋਡ ਦੇ ਲਾਈਨੋ ਪਾਰ ਵਾਰਡ ਨੰਬਰ 7 ਦੇ ਲੋਕਾਂ ਨੇ ਗਲੀਆਂ 'ਚ ਖੜੇ ਰਹਿੰਦੇ ਬਦਬੂ ਮਾਰਦੇ ਚਿੱਕੜ, ਗੰਦੇ ਪਾਣੀ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ, ਨਗਰ ਕੌਂਸਲ ਖੰਨਾ ਤੇ ਪ੍ਰਸ਼ਾਸਨ ਵਿਰੁਧ ਰੋਸ ਪ੍ਰਦਰਸ਼ਨ ਤੇ ਨਾਹਰੇਬਾਜ਼ੀ ਕੀਤੀ। ਵਾਰਡ ਵਾਸੀ ਸੁਖਦੇਵ ਸਿੰਘ, ਰਾਜਿੰਦਰ ਸਿੰਘ, ਰਾਏ ਸਿੰਘ, ਬਹਾਦਰ ਸਿੰੰਘ ਨੇ ਦਸਿਆ ਇਸ ਬਦਬੂਦਾਰ ਚਿੱਕੜ 'ਚ ਖੜੇ ਗੰਦੇ ਪਾਣੀ ਕਾਰਨ ਲੋਕ ਬੀਮਾਰੀਆਂ ਨਾਲ ਘਿਰਦੇ ਜਾ ਰਹੇ ਹਨ ਅਤੇ ਗਲੀਆਂ ਵਿਚੋਂ ਗੁਜ਼ਰਦੇ ਹੋਏ ਔਰਤਾਂ, ਬਜ਼ੁਰਗ ਅਤੇ ਬੱਚੇ ਗੰਭੀਰ ਜ਼ਖ਼ਮੀ ਹੋ ਰਹੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ।

ਵਾਰਡ ਵਾਸੀਆਂ ਦਾ ਬਹੁਤ ਹੀ ਬੁਰਾ ਹਾਲ ਹੈ ਤੇ ਜੀਣਾ ਬਹੁਤ ਮੁਸ਼ਕਲ ਹੋ ਗਿਆ ਹੈ। ਸੁਖਦੇਵ ਸਿੰਘ ਨੇ ਦਸਿਆ ਕਿ ਮੈ ਬੀਮਾਰ ਹਾਂ, ਮੇਰੀ ਘਰ ਵਾਲੀ ਬੀਮਾਰ ਹੈ, ਮੇਰੀ ਨੂੰਹ ਬੀਮਾਰ ਹੈ। ਕਰੀਬ 10 ਦਿਨ ਪਹਿਲਾਂ ਚਿੱਕੜ ਦੇ ਗੰਦੇ ਪਾਣੀ ਕਾਰਨ ਫਿਸਲ ਕੇ ਡਿੱਗ ਜਾਣ 'ਤੇ ਸੱਟਾਂ ਕਾਰਨ ਮੇਰੀਆਂ ਬਾਹਾਂ ਵੀ ਕੰਮ ਨਹੀ ਕਰਦੀਆਂ। 
ਉਨ੍ਹਾਂ ਦਸਿਆ ਕਿ ਮੇਰੇ ਗੁਆਂਢੀ ਦੀ ਘਰ ਵਾਲੀ ਦਾ ਡਿੱਗ ਕੇ ਚੂਲਾ ਟੁੱਟ ਗਿਆ ਜਿਸ ਉਪਰ ਲੱਖਾਂ ਰੁਪਏ ਖ਼ਰਚ ਹੋ ਜਾਣ ਕਾਰਨ ਆਰਥਕ ਨੁਕਸਾਨ ਹੋਇਆ।

ਵਾਰਡ ਕਂੌਸਲਰ ਸਾਡਾ ਫ਼ੋਨ ਵੀ ਨਹੀਂ ਚੁੱਕ ਰਹੇ। ਜਦੋਂ ਅਸੀਂ ਫ਼ੋਨ ਕਰਦੇ ਹਾਂ ਤਾਂ ਉਸ ਦਾ ਲੜਕਾ ਫੋਨ ਚੁੱਕਦਾ ਹੈ ਤੇ ਕਹਿ ਦਿੰਦਾ ਹੈ, ਰੌਂਗ ਨੰਬਰ। ਸਾਡੇ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਹੈ। ਅਸੀਂ ਵਾਰਡ ਦੀ ਮਹਿਲਾ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਘਰ ਵਾਲੀ ਨੂੰ ਵੋਟਾਂ ਪਾ ਕੇ ਫਸ ਗਏ। ਅਸੀਂ ਜ਼ਿੰਦਗੀ ਵਿਚ ਪਹਿਲੀ ਵਾਰ ਬਹੁਤ ਭਾਰੀ ਗ਼ਲਤੀ ਕੀਤੀ ਹੈ।

 ਲੋਕਾਂ ਨੇ ਮੰਗ ਕੀਤੀ ਕਿ ਇਸ ਬਦਬੂਦਾਰ ਗੰਦਗੀ ਭਰੇ ਮਹੌਲ ਤੋਂ ਬੇਹੱਦ ਪ੍ਰੇਸ਼ਾਨ ਲੋਕਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਜਿਹੜਾ ਲਾਈਨੋਂ ਪਾਰ ਇਲਾਕੇ ਲਈ 125 ਕਰੋੜ ਰੁਪਿਆ ਆਇਆ ਹੈ, ਉਸ ਨਾਲ ਜਲਦੀ ਕੰਮ ਸ਼ੁਰੂ ਕਰਵਾਇਆ ਜਾਵੇ। ਕਿਉਂਕਿ ਇਸ ਤੋਂ ਪਹਿਲਾਂ ਵੀ ਸੀਵਰੇਜ ਲਈ ਜੋ ਪੈਸਾ ਆਇਆ ਸੀ, ਉਹ ਦੂਜੇ ਪਾਸੇ ਲਗਾ ਦਿਤਾ ਗਿਆ।