'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਮਸ਼ੀਨਾਂ ਰਾਹੀਂ ਕਰਵਾਈ ਸੀਵਰੇਜ ਦੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਅਜੀਤ ਰੋਡ ਅਤੇ ਪਰਸਰਾਮ ਨਗਰ ਬਠਿੰਡਾ ਵਿਖੇ ਸੀਵਰੇਜ ਦੀ ਸਫ਼ਾਈ ਸੁਪਰ ਸਕਰ ਮਸ਼ੀਨ

Sevrage Cleaning

ਬਠਿੰਡਾ,  : 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਅਜੀਤ ਰੋਡ ਅਤੇ ਪਰਸਰਾਮ ਨਗਰ ਬਠਿੰਡਾ ਵਿਖੇ ਸੀਵਰੇਜ ਦੀ ਸਫ਼ਾਈ ਸੁਪਰ ਸਕਰ ਮਸ਼ੀਨ ਰਾਹੀਂ ਕਰਵਾਈ ਗਈ। ਇਸ ਮਸ਼ੀਨ ਦਾ ਇਸਤੇਮਾਲ ਕਰਦਿਆਂ ਜਿੱਥੇ ਪਰਸਰਾਮ ਨਗਰ ਵਿਖੇ ਗਲੀ ਨੰਬਰ ਜੀ-1 ਤੋਂ ਜੀ-8 ਤੱਕ ਸਫ਼ਾਈ ਵੀਰਵਾਰ ਰਾਤ ਨੂੰ ਕਰਵਾਈ ਗਈ, ਉਥੇ ਹੀ ਅਜੀਤ ਰੋਡ ਵਿਖੇ ਸੀਵਰ ਦੀ ਸਫ਼ਾਈ ਅੱਜ ਦਿਨ ਸਮੇਂ ਕੀਤੀ ਗਈ।

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੁਆਰਾ ਜਨਤਾ ਨੂੰ ਤੰਦਰੁਸਤ ਰਹਿਣ ਅਤੇ ਸੀਵਰੇਜ ਦੀ ਸਫ਼ਾਈ ਸਬੰਧੀ ਪੈਂਫਲੈਟ ਵੰਡੇ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਬਿਲਕੁੱਲ ਵੀ ਨਾ ਕਰਨ ਕਿਉਂਕਿ ਸੀਵਰ 'ਚ ਫਸਕੇ ਇਹ ਪਲਾਸਟਿਕ ਸਾਰੀ ਸੀਵਰੇਜ ਦੀ ਵਿਵਸਥਾ ਨੂੰ ਖ਼ਰਾਬ ਕਰ ਦਿੰਦਾ ਹੈ। ਇਸੇ ਤਰ੍ਹਾਂ ਪਲਾਸਟਿਕ ਦੀਆਂ ਹੋਰ ਚੀਜ਼ਾਂ, ਛੋਟੇ ਬੱਚਿਆਂ ਦੇ ਡਾਈਪਰ, ਸੈਨੇਟਰੀ ਨੈਪਕਿਨ ਆਦਿ ਵੀ ਸੀਵਰ 'ਚ ਨਾ ਸੁੱਟਣ ਦੀ ਵੀ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ।

ਇਸੇ ਤਰ੍ਹਾਂ ਸੀਵਰੇਜ ਵਿਚ ਪਸ਼ੂਆਂ ਦਾ ਗੋਹਾ ਅਤੇ ਮਿੱਟੀ ਜਾਣ ਤੋਂ ਰੋਕਣ ਲਈ ਕਿਹਾ ਗਿਆ। ਲੋਕਾਂ ਨੂੰ ਖੁੱਲ੍ਹੀਆਂ ਨਾਲੀਆਂ ਦੀ ਵਰਤੋਂ ਕਰਨ ਤੋਂ ਪ੍ਰਹੇਜ ਕਰਨ ਦੀ ਵੀ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦੇ ਆਦੇਸ਼ਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੁਆਰਾ ਬਲਾਕ ਵਾਈਜ ਮਾਈਕਰੋ ਪਲਾਨ ਤਿਆਰ ਕਰ ਲਿਆ ਗਿਆ ਹੈ। ਤਲਵੰਡੀ ਸਾਬੋ ਵਿਖੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਸਬੰਧੀ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਵਲੋਂ ਚੈਕਿੰਗ ਸਬੰਧੀ ਸਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਜ਼ਿਲ੍ਹੇ 'ਚ ਨਕਲੀ ਅਤੇ ਅਣ-ਅਧਿਕਾਰਤ ਦੀਵਾਈਆਂ ਦੀ ਵਿਕਰੀ ਅਤੇ ਵਰਤੋਂ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਦੁਆਰਾ ਡਰੱਗ ਇੰਸਪੈਕਟਰਾਂ ਦੀ ਬਲਾਕ ਵਾਈਜ ਡਿਊਟੀ ਦਾ ਰੋਸਟਰ ਜਾਰੀ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੁਆਰਾ ਅੱਜ 104 ਲੋਕਾਂ ਦਾ ਗੈਰ ਸੰਚਾਰੀ ਬਿਮਾਰੀਆਂ ਦੇ ਕੇਂਦਰ ਸਿਵਲ ਹਸਪਤਾਲ, ਬਠਿੰਡਾ ਵਿਖੇ ਮੁਫ਼ਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਟੈਸਟ ਕੀਤਾ ਗਿਆ।
 

ਬਾਗਬਾਨੀ ਵਿਭਾਗ ਦੁਆਰਾ ਰਾਮਾਂਮੰਡੀ ਦੀ ਸ਼ਬਜ਼ੀ ਮੰਡੀ ਦੀ ਚੈਕਿੰਗ ਕੀਤੀ ਗਈ ਜਿੱਥੇ ਗਲੀਆਂ-ਸੜੀਆਂ ਸ਼ਬਜ਼ੀਆਂ ਨਸ਼ਟ ਕੀਤੀਆਂ ਗਈਆਂ। ਵਿਭਾਗ ਦੁਆਰਾ ਨਥਾਣਾ ਦੇ ਪਿੰਡ ਭੁੱਚੋ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਘਰੈਲੂ ਬਗੀਚੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਖਾਦਾਂ ਅਤੇ ਕੀੜੇਮਾਰ ਦੀਵਾਈਆਂ ਦੀ ਵਰਤੋਂ ਅਤੇ ਇਨ੍ਹਾਂ ਦੇ ਬਾਰੇ ਹੋਰ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ।

ਇਸ ਤੋਂ ਇਲਾਵਾ ਨਥਾਣਾ ਵਿਖੇ ਨਗਰ ਕੌਂਸਲ ਦੇ ਅਧਿਕਾਰੀਆਂ, ਨਗਰ ਕੌਂਸਲਰਾਂ, ਜਨ ਸਿਹਤ, ਨਹਿਰੀ ਵਿਭਾਗ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਲੋਂ ਸੀਵਰ ਦੇ ਪਾਣੀ ਦੀ ਸਮੱਸਿਆ ਸਬੰਧੀ ਜਾਇਜ਼ਾ ਲਿਆ ਗਿਆ। ਗੁਰੂ ਤੇਗ ਬਹਾਦਰ ਕਾਲਜ ਬੱਲ੍ਹੋ ਵਿਖੇ ਪਿੰਡ ਦੇ ਨੌਜਵਾਨਾਂ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਕਾਲਜ ਦੀ ਸਫ਼ਾਈ ਕੀਤੀ ਗਈ।