ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਕਾਂਗਰਸੀ ਕੌਂਸਲਰ ਦੇ ਭਰਾ ਵਿਰੁੱਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹੈ ਵਾਇਰਲ

Crime

ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੂਜਰ ਰੋਡ ਵਿਖੇ ਔਰਤਾਂ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਥਾਨਕ ਪੁਲਿਸ ਨੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਸੰਨੀ ਚੌਧਰੀ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਪ੍ਰੈੱਸ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਸ਼ਹਿਰ ਵਿਚ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ। ਇਸ ਘਟਨਾ ਨਾਲ ਸਬੰਧਤ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।

ਇਸ ਮਾਮਲੇ ਵਿਚ ਕੁੱਝ ਮੁਲਜ਼ਮਾਂ ਨੇ ਥਾਣੇ ਵਿਚ ਖ਼ੁਦ ਆ ਕੇ ਪੁਲਿਸ ਕੋਲ ਸਿਰੰਡਰ ਕੀਤਾ ਜਦਕਿ ਉਨ੍ਹਾਂ ਦੇ ਸਿਰੰਡਰ ਕਰਨ ਤੋਂ ਪਹਿਲਾਂ ਥਾਣੇ ਵਿਚ ਇਕ ਸੀਨੀਅਰ ਕਾਂਗਰਸੀ ਮੌਜੂਦ ਸੀ। ਜਿਸ ਦੇ ਮੁਲਜ਼ਮਾਂ ਨੇ ਪੈਰੀਂ ਹੱਥ ਵੀ ਲਗਾਏ। ਜਦੋਂ ਇਸ ਕਾਂਗਰਸੀ ਆਗੂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਅਪਣੇ ਕਿਸੇ ਕੰਮ ਆਇਆ ਸੀ।

ਦੱਸ ਦਈਏ ਕਿ ਕਾਂਗਰਸੀ ਕੌਂਸਲਰ ਦੇ ਭਰਾ ਵੱਲੋਂ ਔਰਤਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹਾਲੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਅਪਣੀ ਮਾਂ ਦੀ ਕੁੱਟਮਾਰ ਦੇਖ ਕੁੱਝ ਛੋਟੇ ਬੱਚੇ ਵੀ ਰੋਂਦੇ ਹੋਏ ਸੁਣਾਈ ਦੇ ਰਹੇ ਸਨ ਪਰ ਹੁਣ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ।