ਕਰੋਨਾ ਕੇਸਾਂ ਚ ਦਿੱਲੀ ਦੀ ਪੰਜਾਬ ਨਾਲ ਤੁਲਨਾ ਕਰਕੇ ਕੇਜਰੀਵਾਲ ਨੂੰ ਬਦਨਾਮ ਨਾ ਕਰਨ ਕੈਪਟਨ-ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੱਥਾਂ ਤੇ ਅੰਕੜਿਆਂ ਨਾਲ 'ਆਪ' ਨੇ ਕੈਪਟਨ ਸਰਕਾਰ 'ਤੇ ਕੀਤਾ ਪਲਟਵਾਰ

Aman Arora

ਚੰਡੀਗੜ੍ਹ,  15 ਜੂਨ 2020 : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੋਰੋਨਾ ਕੇਸਾਂ 'ਚ ਪੰਜਾਬ ਦੀ ਤੁਲਨਾ ਦਿੱਲੀ ਨਾਲ ਕੀਤੇ ਜਾਣ 'ਤੇ ਸਖ਼ਤ ਇਤਰਾਜ਼ ਕਰਦਿਆਂ ਤੱਥਾਂ ਅਤੇ ਅੰਕੜਿਆਂ ਰਾਹੀਂ ਪੰਜਾਬ ਸਰਕਾਰ 'ਤੇ ਪਲਟਵਾਰ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਸਰਕਾਰ ਨੂੰ ਨਸੀਹਤ ਭਰੀ ਚਿਤਾਵਨੀ ਦਿੱਤੀ ਹੈ ਕਿ ਉਹ ਤਰਕਹੀਣ ਤੁਲਨਾ ਰਾਹੀਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਛੱਡ ਕੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਅੰਦਰ ਲੋੜੀਂਦੇ ਬੰਦੋਬਸਤ ਅਤੇ ਬਜਟ 'ਤੇ ਧਿਆਨ ਦੇਣ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਆਪਣੀਆਂ ਕਮੀਆਂ-ਪੇਸ਼ੀਆਂ 'ਤੇ ਧਿਆਨ ਦੇਣ ਦੀ ਥਾਂ ਕੋਰੋਨਾ ਕੇਸਾਂ ਬਾਰੇ ਪੰਜਾਬ ਦੀ ਦਿੱਲੀ ਨਾਲ ਕਿਹੜੇ ਤੱਥਾਂ ਅਤੇ ਤਰਕਾਂ ਨਾਲ ਕਰ ਰਹੇ ਹਨ, ਜਦਕਿ ਜਨਸੰਖਿਆ ਦੀ ਘਣਤਾ (ਡਾਇਨਸਿਟੀ) ਅਤੇ ਆਕਾਰ ਦੇ ਹਿਸਾਬ ਨਾਲ ਦੋਵਾਂ ਰਾਜਾਂ 'ਚ ਕੋਈ ਬਰਾਬਰਤਾ ਨਹੀਂ ਹੈ?

ਅਮਨ ਅਰੋੜਾ ਨੇ ਦੱਸਿਆ ਕਿ 1443 ਵਰਗ ਕਿੱਲੋਮੀਟਰ 'ਚ ਫੈਲੀ ਦਿੱਲੀ ਅੰਦਰ ਪ੍ਰਤੀ ਵਰਗ ਕਿੱਲੋਮੀਟਰ 'ਚ 13200 ਲੋਕਾਂ ਦੀ ਆਬਾਦੀ ਹੈ, ਜਦਕਿ 50362 ਵਰਗ ਕਿੱਲੋਮੀਟਰ 'ਚ ਫੈਲੇ ਪੰਜਾਬ ਅੰਦਰ ਪ੍ਰਤੀ ਕਿੱਲੋਮੀਟਰ ਘੇਰੇ 'ਚ ਸਿਰਫ਼ 600 ਜਨਸੰਖਿਆ ਹੈ, ਜਦਕਿ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਫ਼ਿਲਹਾਲ ਸੋਸ਼ਲ ਡਿਸਟੈਂਸਿੰਗ ਹੀ ਸਭ ਤੋਂ ਅਸਰਦਾਰ ਤਰੀਕਾ ਹੈ। ਅਮਨ ਅਰੋੜਾ ਨੇ ਕਿਹਾ ਕਿ ਜਦ ਤੱਕ ਪੰਜਾਬ ਅੰਦਰ ਜੰਗੀ ਪੱਧਰ 'ਤੇ ਕੋਰੋਨਾ ਦੀ ਟੈਸਟਿੰਗ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦੀ ਜ਼ਮੀਨੀ ਹਕੀਕਤ ਸਾਹਮਣੇ ਨਹੀਂ ਆ ਸਕੇਗੀ। ਅਮਨ ਅਰੋੜਾ ਨੇ ਦੱਸਿਆ ਕਿ ਦਿੱਲੀ 'ਚ ਪ੍ਰਤੀ 10 ਲੱਖ (ਇੱਕ ਮਿਲੀਅਨ) ਆਬਾਦੀ ਪਿੱਛੇ 14026 ਲੋਕਾਂ ਦਾ ਕੋਰੋਨਾ ਟੈੱਸਟ ਪ੍ਰਤੀ ਦਿਨ ਹੋ ਰਿਹਾ ਹੈ। ਜਦਕਿ ਪੰਜਾਬ 'ਚ ਇਹ ਔਸਤਨ ਅੰਕੜਾ ਸਿਰਫ਼ 5900 ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਸਹਿਜੇ ਹੀ ਲੱਗ ਸਕਦਾ ਹੈ

ਕਿ ਕੋਰੋਨਾ ਕੇਸਾਂ ਦੀ ਜਾਂਚ 'ਚ ਦਿੱਲੀ ਦੇਸ਼ 'ਚੋਂ ਤੀਜੇ ਸਥਾਨ 'ਤੇ ਆਉਂਦੀ ਹੈ, ਜਦਕਿ ਪੰਜਾਬ ਫਾਡੀਆਂ 'ਚੋਂ ਦੂਜੇ (ਸੈਕਿੰਡ ਲਾਸਟ) 'ਤੇ ਹੈ। ਇਸ ਲਈ ਪੰਜਾਬ ਨੂੰ ਜੰਗੀ ਪੱਧਰ 'ਤੇ ਟੈੱਸਟ ਅਤੇ ਉਸ ਹਿਸਾਬ ਨਾਲ ਹੀ ਹਸਪਤਾਲਾਂ 'ਚ ਬੈੱਡਾਂ ਅਤੇ ਹੋਰ ਬੰਦੋਬਸਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਪ੍ਰਤੀ ਦਿਨ (ਲੰਘੇ ਸ਼ੁੱਕਰਵਾਰ) ਦਿੱਲੀ ਅਤੇ ਹਰਿਆਣਾ 'ਚੋਂ ਕਰੀਬ 6000 ਕਾਰਾਂ-ਗੱਡੀਆਂ ਰਾਹੀਂ 20 ਹਜ਼ਾਰ ਲੋਕਾਂ ਨੇ ਪੰਜਾਬ 'ਚ ਪ੍ਰਵੇਸ਼ ਲਿਆ। ਜਦਕਿ ਦਿੱਲੀ 'ਚ ਗੁਆਂਢੀ ਸੂਬਿਆਂ ਤੋਂ ਇਸ ਤੋਂ ਕਈ ਗੁਣਾ ਜ਼ਿਆਦਾ (ਕਰੀਬ 5.65 ਲੱਖ) ਵਾਹਨ ਪ੍ਰਤੀ ਦਿਨ ਪ੍ਰਵੇਸ਼ ਕਰਦੇ ਹਨ, ਕਿਉਂਕਿ ਦਿੱਲੀ ਪੁਲਸ 'ਤੇ ਕੇਂਦਰ ਦਾ ਕੰਟਰੋਲ ਹੋਣ ਕਰਕੇ ਕੇਜਰੀਵਾਲ ਸਰਕਾਰ ਦਾ ਬਾਰਡਰ ਸੀਲ ਜਾਂ ਸਖ਼ਤ ਕਰ ਸਕਦੀ ਹੈ ਅਤੇ ਨਾ ਹੀ ਸਖ਼ਤੀ ਨਾਲ ਸੋਸ਼ਲ ਡਿਸਟੈਂਸ ਬਰਕਰਾਰ ਰੱਖ ਸਕਦੀ ਹੈ।

ਇਸ ਲਈ ਕੋਈ ਵੀ ਸਮਝਦਾਰ ਵਿਅਕਤੀ ਕੋਰੋਨਾ ਕੇਸਾਂ 'ਚ ਦਿੱਲੀ ਦੀ ਤੁਲਨਾ ਪੰਜਾਬ ਨਾਲ ਨਹੀਂ ਕਰੇਗਾ। ਦਿੱਲੀ ਦੀ ਤੁਲਨਾ ਕਲਕੱਤਾ, ਮਦਰਾਸ ਅਤੇ ਮੁੰਬਈ ਨਾਲ ਹੀ ਹੋ ਸਕਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਿਹਤ ਸੇਵਾਵਾਂ ਦੇ ਖੇਤਰ 'ਚ ਦਿੱਲੀ ਸਰਕਾਰ ਨੂੰ ਨੀਵਾਂ ਦਿਖਾਉਣ ਲਈ ਤੱਥਾਂ ਅਤੇ ਤਰਕਾਂ ਤੋਂ ਦੂਰ ਦੀਆਂ ਬੇਲੋੜੀਆਂ ਗੱਲਾਂ ਕਰਨ ਦੀ ਥਾਂ ਇਹ ਦੇਖਣ ਕਿ ਦਿੱਲੀ ਸਰਕਾਰ ਆਪਣੇ ਕੁੱਲ ਬਜਟ ਦਾ ਪੂਰੇ ਦੇਸ਼ ਨਾਲ ਵੱਧ 13 ਫ਼ੀਸਦੀ ਬਜਟ ਸਿਹਤ ਲਈ ਰੱਖਦੀ ਹੈ, ਜੋ ਪੰਜਾਬ ਦਾ 4.2 ਫ਼ੀਸਦੀ ਹੀ ਹੈ। ਇਸੇ ਤਰਾਂ ਦਿੱਲੀ ਸਰਕਾਰ ਹੁਣ ਤੱਕ 1 ਕਰੋੜ ਲੋੜਵੰਦਾਂ ਨੂੰ ਰਾਸ਼ਨ ਅਤੇ ਰੋਜ਼ਾਨਾ ਕਰੀਬ 10 ਲੱਖ ਗ਼ਰੀਬਾਂ ਨੂੰ ਲੰਗਰ ਝੁਕਾਉਂਦਾ ਹੈ।

ਦਿੱਲੀ ਸਰਕਾਰ ਲੌਕਡਾਊਨ ਦੌਰਾਨ ਵਿਹਲੇ ਹੋਏ ਡਰਾਈਵਰਾਂ ਆਦਿ ਨੂੰ 5 ਹਜ਼ਾਰ ਰੁਪਏ ਅਤੇ ਬਜ਼ੁਰਗਾਂ-ਵਿਧਵਾਵਾਂ ਦੀ ਪੈਨਸ਼ਨ ਦੁੱਗਣੀ ਕਰ ਕੇ ਦੇ ਰਹੀ ਹੈ। ਇਸੇ ਤਰਾਂ ਕੋਰੋਨਾ ਵਿਰੁੱਧ ਗਰਾਊਂਡ ਜ਼ੀਰੋ 'ਤੇ ਲੜਾਈ ਲੜ ਰਹੇ ਕਿਸੇ ਯੋਧੇ (ਫ਼ਰੰਟ ਲਾਇਨ ਵਾਰਿਅਰਜ) ਦੀ ਕੋਰੋਨਾ ਨਾਲ ਮੌਤ ਹੋ ਜਾਵੇ ਤਾਂ ਦਿੱਲੀ ਸਰਕਾਰ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮਦਦ ਦਿੰਦੀ ਹੈ। ਇਸ ਲਈ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਤੁਲਨਾ ਦਿੱਲੀ ਸਰਕਾਰ ਨਾਲ ਕਰਨੀ ਹੈ ਤਾਂ ਇਨ੍ਹਾਂ ਨੁਕਤਿਆਂ 'ਤੇ ਕਰੇ ਜਿਸ ਦੇ ਅਮਲ ਨਾਲ ਪੰਜਾਬ ਦੇ ਲੋਕ ਵੀ ਲਾਭ ਲੈ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।