ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਡਾਕਟਰ ਹਰਪਾਲ ਸਿੰਘ ਨੂੰ ਕੀਤਾ ਸਨਮਾਨਤ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅੰਮ੍ਰਿਤਸਰ, 14 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੋਰੋਨਾ ਕਾਲ ਦੌਰਾਨ ਰੋਗੀਆਂ ਦਾ ਇਲਾਜ ਕਰਨ ਵਿਚ ਗੁਰਸਿੱਖ ਡਾਕਟਰਾਂ ਨੂੰ ਦਰਪੇਸ਼ ਆ ਰਹੀਆਂ ਔਕੜਾਂ ਦਾ ਹੱਲ ਕਰਨ ਵਾਲੇ ਡੀਐਮਸੀ ਲੁਧਿਆਣਾ ਦੇ ਡਾਕਟਰ ਹਰਪਾਲ ਸਿੰਘ ਸੇਲੀ ਨੂੰ ਸਨਮਾਨਤ ਕੀਤਾ।
ਕੋਰੋਨਾ ਦੌਰਾਨ ਗੁਰਸਿੱਖ ਡਾਕਟਰਾਂ ਸਾਹਮਣੇ ਵੱਡੀ ਸਮੱਸਿਆ ਸਿੱਖ ਮਰਿਆਦਾ ਦਾ ਪਾਲਣ ਕਰਦੇ ਹੋਏ ਮਾਸਕ ਅਤੇ ਪੀਪੀਈ ਕਿੱਟ ਪਾ ਕੇ ਰੋਗੀਆਂ ਦਾ ਇਲਾਜ ਕਰਨ ਦੀ ਹੈ। ਅਜਿਹੇ ਵਿਚ ਡੀਐਮਸੀ ਲੁਧਿਆਣਾ ਵਿਚ ਹੱਡੀ ਰੋਗ ਵਿਭਾਗ ਦੇ ਮੁਖੀ ਪ੍ਰੋ. ਡਾਕਟਰ ਹਰਪਾਲ ਸਿੰਘ ਸੇਲੀ ਨੇ ਇਕ ਡੈਮੋ ਵੀਡੀਉ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਖੁਲ੍ਹੀ ਦਾੜ੍ਹੀ ਤੇ ਠਾਠੀ ਬੰਨ੍ਹ ਕੇ ਮਾਸਕ ਲਗਾਇਆ ਅਤੇ ਫੇਸ ਸ਼ੀਲਡ ਪਾ ਕੇ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰੇਰਿਆ।
ਡਾਕਟਰ ਹਰਪਾਲ ਸਿੰਘ ਨੇ ਇਹ ਵੀਡੀਉ ਅਪਣੇ ਗੁਰਸਿੱਖ ਡਾਕਟਰ ਸਾਥੀਆਂ ਨਾਲ ਸਾਂਝਾ ਕੀਤਾ ਜਿਸ ਦੀ ਭਾਰਤ ਹੀ ਨਹੀਂ ਸਗੋਂ ਕੈਨੇਡਾ ਦੇ ਗੁਰਸਿੱਖ ਡਾਕਟਰਾਂ ਨੇ ਵੀ ਪ੍ਰਸ਼ੰਸਾ ਕੀਤੀ ਅਤੇ ਇਸ ਤਰੀਕੇ ਨਾਲ ਕੋਰੋਨਾ ਰੋਗੀਆਂ ਦਾ ਇਲਾਜ ਵੀ ਕਰ ਰਹੇ ਹਨ। ਇਸੇ ਦੌਰਾਨ ਡਾਕਟਰ ਹਰਪਾਲ ਸਿੰਘ ਸੇਲੀ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ। ਜਿਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਚੁਨੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਹੀ ਸਿੱਖ ਕੌਮ ਦੀ ਪਹਿਚਾਣ ਹੈ।
ਕੋਰੋਨਾ ਕਾਲ ਦੌਰਾਨ ਜਿਥੇ ਗੁਰਦਵਾਰਾ ਸਾਹਿਬਾਨ ਵਿਚ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਥੇ ਹੀ ਡਾਕਟਰੀ ਪੇਸ਼ੇ ਦੀ ਅਹਿਮੀਅਤ ਅਤੇ ਗੁਰਸਿੱਖ ਮਰਿਆਦਾ ਵਿਚ ਇਸ ਤਰ੍ਹਾਂ ਦੇ ਵੀਡੀਉ ਕਾਫ਼ੀ ਅਹਿਮੀਅਤ ਰੱਖਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲਂੌਗੋਵਾਲ ਨੇ ਵੀ ਡਾਕਟਰ ਸੇਲੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਸ ਸਿੰਘ ਪੰਨੂੰ, ਗੁਰਦਵਾਰਾ ਦੁੱਖ ਨਿਵਾਰਣ ਸਾਹਿਬ ਲੁਧਿਆਣਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ, ਜੰਮੂ ਮਿਸ਼ਨ ਦੇ ਇੰਚਾਰਜ ਹਰਭਿੰਦਰ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।