ਪੰਜਾਬ 'ਚ ਕੱਲ੍ਹ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ , ਪੜ੍ਹੋ ਪੂਰੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ : ਇਕ ਕੋਰੋਨਾ ਮਰੀਜ਼ ਦੀ ਮੌਤ, ਦੋ ਲੋਕਾਂ ਦੀ ਰੀਪੋਰਟ ਆਈ ਪਾਜੇਟਿਵ

File Photo

ਪਠਾਨਕੋਟ : ਇਕ ਕੋਰੋਨਾ ਮਰੀਜ਼ ਦੀ ਮੌਤ, ਦੋ ਲੋਕਾਂ ਦੀ ਰੀਪੋਰਟ ਆਈ ਪਾਜੇਟਿਵ
ਪਠਾਨਕੋਟ, 14 ਜੂਨ (ਤੇਜਿੰਦਰ ਸਿੰਘ): ਜ਼ਿਲ੍ਹਾ ਪਠਾਨਕੋਟ ਵਿਚ 194 ਲੋਕਾਂ ਦੀ ਮੈਡੀਕਲ ਰੀਪੋਰਟ ਆਈ ਹੈ ਜਿਸ ਵਿਚੋਂ ਦੋ ਲੋਕ ਕੋਰੋਨਾ ਪਾਜੇਟਿਵ ਅਤੇ 192 ਲੋਕ ਕੋਰੋਨਾ ਨੈਗੇਟਿਵ ਆਏ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦਸਿਆ ਕਿ ਜਿਨ੍ਹਾਂ ਲੋਕਾਂ ਦੀ ਰੀਪੋਰਟ ਕੋਰੋਨਾ ਪਾਜੇਟਿਵ ਆਈ ਹੈ ਉਨ੍ਹਾਂ ਵਿਚੋਂ ਇਕ ਪੁਲਿਸ ਨਾਲ ਸੰਪਰਕ ਲੋਕਾਂ ਵਿਚੋਂ ਅਤੇ ਇਕ ਪ੍ਰਵਾਸੀ ਮਜ਼ਦੂਰ ਦੀ ਹੈ। ਉਨ੍ਹਾਂ ਦਸਿਆ ਕਿ ਅੱਜ ਜਿਸ ਕੋਰੋਨਾ ਪਾਜੇਟਿਵ ਵਿਅਕਤੀ ਦੀ ਮੌਤ ਹੋਈ ਉਸ ਦਾ ਇਲਾਜ ਲੁਧਿਆਣਾ ਵਿਖੇ ਚਲ ਰਿਹਾ ਸੀ ਅਤੇ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ।

ਮਾਲੇਰਕੋਟਲਾ : ਕੋਰੋਨਾ ਨਾਲ ਪੀੜਤ ਮਰੀਜ਼ਾਂ 'ਚ ਸ਼ਾਮਲ ਨਸੀਰ ਅਹਿਮਦ ਦੀ ਹੋਈ ਮੌਤ
ਮਾਲੇਰਕੋਟਲਾ, 14 ਜੂਨ (ਇਸਮਾਈਲ ਏਸ਼ੀਆ): ਮਾਲੇਰਕੋਟਲਾ ਵਿਖੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਇਲਾਕਾ ਸੁਨਾਮੀ ਗੇਟ ਨੇੜੇ ਮੁਹੱਲਾ ਚੋਰਮਾਰਾਂ ਦੇ ਰਹਿਣ ਵਾਲੇ ਨਸੀਰ ਅਹਿਮਦ ਨੇ ਵੀ ਅੱਜ ਜ਼ਿੰਦਗੀ ਦੀ ਬਾਜ਼ੀ ਹਾਰ ਦਿਤੀ। ਇਸ ਤੋਂ ਮਾਲੇਰਕੋਟਲਾ ਨਾਲ ਸਬੰਧਤ ਇਸੇ ਮਹਾਂਮਾਰੀ ਕਾਰਨ ਮੁਹੱਲਾ ਮਾਜਰੀ ਨੇੜੇ ਬਾਲਮੀਕਿ ਮੰਦਰ  ਵੱਡੀ ਈਦਗਾਹ ਰੋਡ ਮਲੇਰ ਦੇ ਰਹਿਣ ਵਾਲੀ ਬਿਮਲਾ ਦੇਵੀ ਦਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੀ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਦਸਣਾ ਬਣਦਾ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਕਾਰਨ ਹੋਣ ਵਾਲੀਆਂ ਪਿਛਲੇ ਚਾਰ ਦਿਨਾਂ ਵਿਚ 4 ਮੌਤਾਂ ਵਿਚੋਂ 3 ਇੱਕਲੇ ਮਾਲੇਰਕੋਟਲਾ ਤਹਿਸੀਲ ਦੀਆਂ ਹਨ।

ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਚ ਕੋਰੋਨਾ ਮਹਾਂਮਾਰੀ ਨੇ ਦਿਤੀ ਦਸਤਕ
ਨੌਸ਼ਹਿਰਾ ਮੱਝਾ ਸਿੰਘ, 14 ਜੂਨ (ਰਵੀ ਭਗਤ): ਬੀਤੇ ਦਿਨ ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇਕ ਕੋਰੋਨਾ ਪਾਜੇਟਿਵ ਕੇਸ ਸਾਹਮਣੇ ਆਉਣ ਨਾਲ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣ ਗਈ ਹੈ। ਜਾਣਕਾਰੀ ਮੁਤਾਬਕ ਇਕ ਨਿਜੀ ਬੈਂਕ ਦੇ ਮੈਨੇਜਰ ਜੋ ਕਿ ਰਤਨ ਸਿੰਘ ਚੌਕ ਅੰਮ੍ਰਿਤਸਰ ਤੋਂ ਨੌਸ਼ਹਿਰਾ ਮੱਝਾ ਸਿੰਘ ਐਚ.ਡੀ.ਐਫ਼.ਸੀ ਬੈਂਕ ਵਿਖੇ ਬਤੌਰ ਮੈਨੇਜਰ ਸੇਵਾਵਾਂ ਨਿਭਾਅ ਰਹੇ ਸੀ ।

ਮਰੀਜ਼ ਨੇ ਦਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਜ਼ੁਕਾਮ ਹੋਇਆ ਸੀ ਅਤੇ ਉਨ੍ਹਾਂ ਅਪਣੇ ਚਾਰ ਕਰਮਚਾਰੀਆਂ ਸਮੇਤ 11 ਜੂਨ ਨੂੰ ਟੈਸਟ ਦਿਤੇ ਸਨ ਜਿਸ ਵਿਚ ਉਕਤ ਚਾਰ ਕਰਮਚਾਰੀਆਂ ਦੀ ਰੀਪੋਰਟ ਨੈਗੇਟਿਵ ਅਤੇ ਬੈਂਕ ਮੈਨੇਜਰ ਦੀ ਰੀਪੋਰਟ ਪਾਜੇਟਿਵ ਪਾਈ ਗਈ ਜਿਸ ਦੀ ਪੁਸ਼ਟੀ ਸਿਵਲ ਸਰਜਨ ਗੁਰਦਾਸਪੁਰ ਵਲੋਂ ਕੀਤੀ ਗਈ। ਉਨ੍ਹਾਂ ਦਸਿਆ ਕਿ ਸਨਿਚਰਵਾਰ 825 ਰੀਪੋਰਟਾਂ ਵਿਚੋਂ ਇਕ ਸੈਂਪਲ ਪਾਜੇਟਿਵ ਪਾਇਆ ਗਿਆ।

ਮੋਗਾ : ਕੋਲਕਾਤਾ ਤੋਂ ਪਰਤੇ ਵਿਅਕਤੀ ਦੀ ਰੀਪੋਰਟ ਕੋਰੋਨਾ ਪਾਜੇਟਿਵ
ਮੋਗਾ, 14 ਜੂਨ (ਅਮਜ਼ਦ ਖ਼ਾਨ): ਮੋਗਾ ਵਿਖੇ ਕੋਲਕਾਤਾ ਤੋਂ ਪਰਤੇ 70 ਸਾਲਾ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜੇਟਿਵ ਆਈ ਹੈ। ਉਸ ਨੂੰ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਜ਼ਿਲ੍ਹੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 72 ਹੋ ਗਈ ਹੈ ਜਦਕਿ 3 ਮਾਮਲੇ ਐਕਟਿਵ ਹਨ।

ਜਗਰਾਉਂ : ਇਕ ਔਰਤ ਕੋਰੋਨਾ ਪਾਜੇਟਿਵ
ਜਗਰਾਉਂ, 14 ਜੂਨ (ਪਰਮਜੀਤ ਸਿੰਘ ਗਰੇਵਾਲ): ਜਗਰਾਉਂ ਸ਼ਹਿਰ 'ਚ ਕੋਰੋਨਾ ਨੇ ਦਸਤਕ ਦੇ ਦਿਤੀ ਹੈ, ਇਸ ਤੋਂ ਪਹਿਲਾ ਆਏ ਕੋਰੋਨਾ ਮਰੀਜ਼ ਆਸ-ਪਾਸ ਦੇ ਪਿੰਡਾਂ ਦੇ ਸਨ ਤੇ ਉਹ ਤਕਰੀਬਨ ਸਾਰੇ ਬਾਹਰੋਂ ਆਏ ਸਨ। ਪ੍ਰੰਤੂ ਹੁਣ ਸ਼ਹਿਰ ਦੇ ਲਾਜਪਤ ਰਾਏ ਰੋਡ ਤੋਂ ਇਕ ਔਰਤ ਕੋਰੋਨਾ ਪਾਜੇਟਿਵ ਪਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾ ਲਾਜਪਤ ਰਾਏ ਰੋਡ ਵਾਸੀ ਬਜ਼ੁਰਗ ਔਰਤ ਦੇ ਬਿਮਾਰ ਹੋਣ 'ਤੇ ਉਨ੍ਹਾਂ ਨੂੰ ਸਥਾਨਕ ਮੈਨੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿਖੇ ਔਰਤ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਟੈਸਟ ਪਾਜੇਟਿਵ ਪਾਇਆ ਗਿਆ।

ਲਾਲੜੂ : ਔਰਤ ਸਮੇਤ ਪੰਜ ਵਿਅਕਤੀ ਕੋਰੋਨਾ ਪਾਜ਼ੇਟਿਵ
ਲਾਲੜੂ, 14 ਜੂਨ (ਰਵਿੰਦਰ ਵੈਸਨਵ): ਲਾਲੜੂ ਵਿਚ ਪੰਜ ਕੋਰੋਨਾ ਪਾਜੇਟਿਵ ਕੇਸ ਆਉਣ 'ਤੇ ਲੋਕਾਂ ਵਿਚ ਸਹਿਮ ਦਾ ਮਹੌਲ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਸਾਰੇ ਪੀੜਤਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿਤਾ ਗਿਆ ਹੈ। ਸੀ.ਐਚ.ਸੀ ਲਾਲੜੂ ਦੇ ਅਧਿਕਾਰੀ ਅਨੀਲ ਗੁਰੂ ਨੇ ਦਸਿਆ ਕਿ ਪ੍ਰਮੋਦ ਕੁਮਾਰ ਜੋ 9 ਜੂਨ ਨੂੰ ਦਿੱਲੀ ਤੋਂ ਸਥਾਨਕ ਫ਼ੈਕਟਰੀ ਵਿਚ ਨੌਕਰੀ ਲਈ ਆਇਆ ਸੀ ਅਤੇ ਸਾਜਿਦ ਅਲੀ ਮੁਜ਼ੱਫ਼ਰਨਗਰ ਤੋਂ ਪਿੰਡ ਚੋਂਦਹੇੜੀ ਨੇੜੇ ਫ਼ੈਕਟਰੀ ਵਿਚ ਕੰਮ ਕਰਨ ਲਈ ਆਇਆ ਸੀ,

ਦਿਨੇਸ਼ ਜੋ ਵਾਰਡ ਨੰਬਰ 15 ਲਾਲੜੂ ਵਿਚ ਕਿਰਾਏ 'ਤੇ ਰਹਿੰਦਾ ਹੈ ਅਤੇ ਲਾਲੜੂ ਦੀ ਨਾਮੀ ਕੰਪਨੀ ਵਿਚ ਕੰਮ ਕਰਦਾ ਸੀ, ਫ਼ੈਕਟਰੀ ਬੰਦ ਹੋਣ ਕਰ ਕੇ ਘਰ ਹੀ ਰਹਿ ਰਿਹਾ ਸੀ, ਰਾਮ ਅਨੁਜ ਜੋ ਦਿੱਲੀ ਤੋਂ ਵਾਪਸ ਆ ਕੇ ਅਪਣੇ ਪਰਵਾਰ ਸਮੇਤ ਪਿੰਡ ਦੱਪਰ ਵਿਖੇ ਕਿਰਾਏ ਤੇ ਰਹਿੰਦਾ ਹੈ ਅਤੇ ਫ਼ੈਕਟਰੀ ਵਿਚ ਕੰਮ ਕਰਦਾ ਹੈ। ਉਕਤ ਸਾਰੇ ਵਿਅਕਤੀਆਂ ਦੀ ਰੀਪੋਰਟਾਂ ਕੋਰੋਨਾ ਪਾਜੇਟਿਵ ਆਈਆਂ ਹਨ। ਇਸੇ ਤਰ੍ਹਾਂ ਸੰਤੋਸ਼ ਜੋ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਲਾਲੜੂ ਵਿਖੇ ਦਵਾਈ ਲੈਣ ਲਈ ਆਈ ਸੀ ਜਿਸ ਦੀ ਸਿਹਤ ਵਿਭਾਗ ਵਲੋਂ ਕੀਤੀ ਜਾਂਚ ਦੌਰਾਨ ਉਹ ਕੋਰੋਨਾ ਪਾਜੇਟਿਵ ਪਾਈ ਗਈ।

ਬਿਹਾਰ ਤੋਂ ਪੰਜਾਬ 'ਚ ਝੋਨਾ ਲਗਾਉਣ ਆਇਆ ਮਜ਼ਦੂਰ ਕੋਰੋਨਾ ਪਾਜ਼ੇਟਿਵ ਨਿਕਲਿਆ
ਮਾਛੀਵਾੜਾ, 14 ਜੂਨ (ਭੂਸ਼ਣ ਜੈਨ): ਬਿਹਾਰ ਤੋਂ ਪੰਜਾਬ ਵਿਖੇ ਮਾਛੀਵਾੜਾ ਨੇੜੇ ਇਕ ਮਜ਼ਦੂਰ ਖੇਤੀ ਲਈ ਆਇਆ ਸੀ ਉਹ ਕੋਰੋਨਾ ਪਾਜ਼ੇਟਿਵ ਨਿਕਲਿਆ। ਮਾਛੀਵਾੜਾ ਇਲਾਕੇ ਦੇ ਕਿਸਾਨ ਨੇ ਅਪਣੇ ਖੇਤਾਂ ਵਿਚ ਝੋਨਾ ਲਗਾਉਣ ਲਈ ਬਿਹਾਰ ਤੋਂ ਬੱਸ ਰਾਹੀਂ ਮਜ਼ਦੂਰ ਲਿਆਂਦੇ। ਬੱਸ ਰਾਹੀਂ 35 ਦੇ ਕਰੀਬ ਮਜ਼ਦੂਰ ਲੰਘੀ 7 ਜੂਨ ਨੂੰ ਮਾਛੀਵਾੜਾ ਨੇੜੇ ਕਿਸਾਨ ਦੇ ਫ਼ਾਰਮ ਹਾਊਸ 'ਤੇ ਆਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਛੀਵਾੜਾ ਵਿਖੇ ਕੋਰੋਨਾ ਟੈਸਟ ਲਈ ਲਿਆਂਦਾ ਗਿਆ। ਅੱਜ ਜਦੋਂ ਇਨ੍ਹਾਂ ਸਾਰੇ 35 ਮਜ਼ਦੂਰਾਂ ਦੀ ਕੋਰੋਨਾ ਰੀਪੋਰਟ ਆਈ ਤਾਂ ਉਸ 'ਚੋਂ ਇਕ ਮਜ਼ਦੂਰ ਪਾਜ਼ੇਟਿਵ ਨਿਕਲਿਆ ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ।

ਅੰਮ੍ਰਿਤਸਰ : 15 ਹੋਰ ਪਾਜੇਟਿਵ ਮਾਮਲੇ ਆਏ
ਅੰਮ੍ਰਿਤਸਰ, 14 ਜੂਨ (ਪਪ): ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਅੱਜ 15 ਹੋਰ ਮਾਮਲੇ ਪਾਜੇਟਿਵ ਪਾਏ ਗਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 613 ਹੋ ਗਈ ਹੈ। ਇਨ੍ਹਾਂ ਵਿਚੋਂ 418 ਡਿਸਚਾਰਜ ਹੋ ਚੁਕੇ ਹਨ, 175 ਦਾਖ਼ਲ ਹਨ ਤੇ 20 ਦੀ ਮੌਤ ਹੋ ਚੁਕੀ ਹੈ।

ਪਟਿਆਲਾ : ਚਾਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ, 14 ਜੂਨ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਚਾਰ ਕੋਵਿਡ ਪਾਜੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀਂ ਕੋਵਿੰਡ ਜਾਂਚ ਲਈ ਪੈਡਿੰਗ 1574 ਸੈਂਪਲਾਂ ਵਿਚੋਂ 792 ਸੈਂਪਲਾਂ ਦੀ ਪ੍ਰਾਪਤ ਹੋਈ ਰੀਪੋਰਟਾਂ ਵਿਚੋਂ 788 ਨੈਗੇਟਿਵ ਅਤੇ ਚਾਰ ਕੋਵਿੰਡ ਪਾਜੇਟਿਵ ਪਾਏ ਗਏ ਹਨ।