ਖਾਸੋ ਪਾਡੋ ਗੋਲੀਕਾਂਡ ਦਾ ਸ਼ਿਕਾਰ ਹੋਏ ਹੌਲਦਾਰ ਦੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਦੇਵੇ ਸਰਕਾਰ-ਚੀਮਾ
ਚੀਮਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸੁਰੱਖਿਆ ਜਵਾਨਾਂ ਲਈ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਨੀਤੀ ਬਣਾਉਣ ਦੀ ਮੰਗ ਕੀਤੀ
ਚੰਡੀਗੜ੍ਹ, 15 ਜੂਨ 2020 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਮੋਗਾ ਦੇ ਖੋਸਾ ਪਾਂਡੋ ਪਿੰਡ 'ਚ ਇੱਕ ਸਨਕੀ ਅਪਰਾਧੀ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹੌਲਦਾਰ ਜਗਮੋਹਨ ਸਿੰਘ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਨਕਦ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੀ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੇਕਰ ਜਗਮੋਹਨ ਸਿੰਘ ਆਪਣੀ ਜਾਨ ਤਲੀ 'ਤੇ ਧਰ ਕੇ ਅਪਰਾਧੀ ਪ੍ਰਵਿਰਤੀ ਵਾਲੇ ਗੁਰਵਿੰਦਰ ਸਿੰਘ ਦਾ ਸਾਹਮਣਾ ਨਾ ਕਰਦਾ ਤਾਂ ਉਹ ਸਨਕੀ ਬਦਮਾਸ਼ ਨਾ ਜਾਣੇ ਕਿੰਨੇ ਹੋਰ ਪਿੰਡ ਵਾਲਿਆਂ ਅਤੇ ਪੁਲਸ ਫੋਰਸ ਦੇ ਜਵਾਨਾਂ ਦਾ ਜਾਨੀ ਨੁਕਸਾਨ ਕਰਦਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਦਲੇਰੀ ਨਾਲ ਹੌਲਦਾਰ ਜਗਮੋਹਨ ਸਿੰਘ ਨੇ ਸਨਕੀ ਗੁਰਵਿੰਦਰ ਸਿੰਘ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ
ਉਹ ਕਾਬਲ-ਏ-ਤਾਰੀਫ਼ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਵਿਰੋਧੀ ਧਿਰ ਦਾ ਨੇਤਾ ਹੋਣ ਦਾ ਨਾਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਨੂੰ ਵੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਨਾਲ ਸੰਬੰਧਿਤ ਫ਼ੌਜੀ, ਅਰਧ ਸੁਰੱਖਿਆ ਬਲ ਅਤੇ ਪੰਜਾਬ ਪੁਲਸ ਦੇ ਕਿਸੇ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰ ਨੂੰ ਤੁਰੰਤ ਇੱਕ ਕਰੋੜ ਰੁਪਏ ਅਤੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਤੋਂ 'ਆਪ' ਆਗੂਆਂ ਨੇ ਇਸ ਗੋਲੀਕਾਂਡ 'ਚ ਜ਼ਖਮੀ ਹੋਏ ਸੀਆਈਏ ਇੰਸਪੈਕਟਰ ਤਰਲੋਚਨ ਸਿੰਘ ਅਤੇ ਹੌਲਦਾਰ ਬਚਨ ਸਿੰਘ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਇਨ੍ਹਾਂ ਬਹਾਦਰ ਜਵਾਨਾਂ ਨੂੰ ਤਰੱਕੀ ਦੇ ਕੇ ਸਨਮਾਨੇ। ਇਸ ਤੋਂ ਇਲਾਵਾ ਕੇਸ ਦੀ ਸੁਣਵਾਈ ਤਿੰਨ ਮਹੀਨਿਆਂ 'ਚ ਮੁਕੰਮਲ ਕਰਕੇ ਦੋਸ਼ੀ ਨੂੰ ਸਖ਼ਤ ਸਜਾ ਯਕੀਨੀ ਬਣਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।