ਪਾਜ਼ੇਟਿਵ ਵਿਅਕਤੀ ਦੇ ਪਰਵਾਰਕ ਮੈਂਬਰਾਂ ਦੀ ਰੀਪੋਰਟ ਆਵੇਗੀ 6 ਘੰਟਿਆਂ ਵਿਚ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਹੋ ਰਹੇ ਇਲਾਜ ਅਤੇ ਸ਼ੱਕੀ ਵਿਅਕਤੀਆਂ ਦੇ ਕੀਤੇ ਜਾ ਰਹੇ

Om Parkash Soni

ਅੰਮ੍ਰਿਤਸਰ, 14 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਹੋ ਰਹੇ ਇਲਾਜ ਅਤੇ ਸ਼ੱਕੀ ਵਿਅਕਤੀਆਂ ਦੇ ਕੀਤੇ ਜਾ ਰਹੇ ਟੈਸਟਾਂ ਸਬੰਧੀ ਰੀਵਿਊ ਕਰਨ ਲਈ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਵਲੋਂ ਅੱਜ ਸਰਕਟ ਹਾਊਸ ਵਿਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਗੁਰੂ ਨਾਨਕ ਦੇਵ ਹਸਪਤਾਲ ਉਨ੍ਹਾਂ ਵਿਅਕਤੀਆਂ ਦੇ ਟੈਸਟ ਦੀ ਰੀਪੋਰਟ 6 ਘੰਟੇ ਵਿਚ ਦੇਵੇਗਾ ਜਿਸ ਦੇ ਪਰਵਾਰ ਦਾ ਮੈਂਬਰ ਪਹਿਲਾਂ ਕੋਰੋਨਾ ਪਾਜੇਟਿਵ ਆ ਚੁੱਕਾ ਹੋਵੇਗਾ। ਕੋਵਿਡ-19 ਦੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ।  

ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੂੰ ਹਦਾਇਤ ਕੀਤਾ ਕਿ ਉਹ ਕੋਵਿਡ ਮਰੀਜ਼ ਦੇ ਸੰਪਰਕ ਕੇਸ ਲੱਭਣ ਵਿਚ ਢਿੱਲ ਨਾ ਕਰਨ, ਕਿਉਂਕਿ ਇਸ ਤਰ੍ਹਾਂ ਵਾਇਰਸ ਅੱਗੇ ਤੋਂ ਅੱਗੇ ਫੈਲਦਾ ਹੈ। ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਅਪਣੀ ਡਿਊਟੀ ਵਿਚ ਕੁਤਾਹੀ ਕਰਦਾ ਹੈ, ਤਾਂ ਮੇਰੇ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਤੁਰਤ ਲਿਆਉ। ਓ.ਪੀ. ਸੋਨੀ ਨੇ ਗ਼ਲਤ ਨਤੀਜੇ ਦੇਣ ਵਾਲੀ ਨਿਜੀ ਲੈਬਾਂ ਵਿਰੁਧ ਕਾਰਵਾਈ ਕਰਨ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਲੈਬਾਰਟਰੀਆਂ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਗੁਰੂ ਨਾਨਕ ਦੇਵ ਹਸਪਤਾਲ ਦੀ ਟੈਸਟ ਸਮਰੱਥਾ ਬਹੁਤ ਹੈ, ਪਰ ਉਨ੍ਹਾਂ ਨੂੰ ਨਮੂਨੇ ਉਨ੍ਹਾਂ ਦੀ ਲੋੜ ਅਨੁਸਾਰ ਤਿਆਰ ਕਰ ਕੇ ਦਿਤੇ ਜਾਣ। ਓ.ਪੀ. ਸੋਨੀ ਨੇ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੂੰ ਵੀ ਹਦਾਇਤ ਕੀਤੀ ਕਿ ਉਹ ਵਾਰਡ ਵਿਚ ਦਾਖ਼ਲ ਹਰ ਇਕ ਮਰੀਜ਼ ਉਤੇ ਧਿਆਨ ਦੇਣ ਕਿਉਂਕਿ ਸਰਕਾਰ ਲਈ ਹਰ ਨਾਗਰਿਕ ਦੀ ਜਾਨ ਬਹੁਤ ਅਹਿਮ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਪ੍ਰਿੰਸੀਪਲ ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਸੁਪਰਡੈਂਟ ਡਾ. ਰਮਨ ਸ਼ਰਮਾ, ਨੋਡਲ ਅਧਿਕਾਰੀ ਡਾ. ਮਦਨ ਮੋਹਨ, ਡਾ. ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ