ਰਾਮੂਵਾਲੀਆ ਵਲੋਂ ਠੱਗ ਟਰੈਵਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਲਈ ਅਨਿਲ ਵਿਜ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੇਂਦਰੀ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਐਮ.ਐਲ.ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਹਰਿਆਣਾ ਦੇ

File Photo

ਮੋਹਾਲੀ, 14 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਸਾਬਕਾ ਕੇਂਦਰੀ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਐਮ.ਐਲ.ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵਲੋਂ ਠੱਗ ਟ੍ਰੈਵਲ ਏਜੰਟਾਂ ਵਿਰੁਧ ਸਖ਼ਤ ਐਕਸ਼ਨ ਲਈ ਆਈ.ਜੀ. ਰੈਂਕ ਦੀ ਉੱਚ ਅਫ਼ਸਰ ਨੂੰ ਮੁਖੀ ਬਣਾ ਕੇ ਐਸ.ਪੀ. ਰੈਂਕ ਦੇ ਛੇ ਅਫ਼ਸਰਾਂ ਦੀ ਟੀਮ ਬਣਾਉਣ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਵਿਜ ਭਾਰਤ ਵਿਚ ਇਕ ਅਜਿਹੇ ਮੰਤਰੀ ਹਨ ਜਿਨ੍ਹਾਂ ਇਹ ਕਦਮ ਚੁਕਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਕੁੱਝ ਕੇਸ ਹਲ ਕੀਤੇ ਸਨ, ਪਰ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਕਦੇ ਇਸ ਪਾਸੇ ਕਦੇ ਕੋਈ ਕਦਮ ਨਹੀਂ ਚੁਕਿਆ। ਸ. ਰਾਮੂਵਾਲੀਆ ਨੇ ਕਿਹਾ ਕਿ ਸ੍ਰੀ ਵਿਜ ਵਲੋਂ ਬਣਾਈ ਗਈ ਟੀਮ ਨੇ 169 ਐਫ਼.ਆਈ.ਆਰ. ਦਰਜ ਵੀ ਕਰ ਦਿਤੀਆਂ ਹਨ ਜਦਕਿ ਪੰਜਾਬ ਵਿਚ ਪਿਛਲੇ ਪੈਂਤੀ ਸਾਲਾਂ ਵਿਚ ਕੁੱਝ ਵੀ ਨਹੀਂ ਹੋਇਆ।

ਇਥੇ ਟਰੈਵਲ ਏਜੰਟਾਂ ਨੇ ਪੰਜ ਲੱਖ ਤੋਂ ਵੱਧ ਪ੍ਰਵਾਰ ਬਰਬਾਦ ਕਰ ਦਿਤੇ। ਹਜ਼ਾਰਾਂ ਲੜਕੇ ਵਿਦੇਸ਼ਾਂ ਵਿਚ ਮੌਤ ਦੇ ਮੂੰਹ 'ਚ ਪੈ ਗਏ ਹਨ। ਪਿਛਲੇ 40 ਸਾਲ ਤੋਂ ਕਿਸੇ ਵੀ ਸਿਆਸੀ ਪਾਰਟੀ ਨੇ ਇਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਦੇ ਅਸੈਂਬਲੀ ਵਿਚ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਪਾਰਟੀ ਚੋਣ ਮੈਨੀਫ਼ੈਸਟੋ ਵਿਚ ਇਹ ਮੁੱਦਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝੂਠੇ ਪ੍ਰਵਾਸੀ ਲਾੜੇ ਬਣਾ ਕੇ ਲੜਕੀ ਅਤੇ ਉਸ ਦੇ ਪਰਵਾਰ ਨੂੰ ਵਿਦੇਸ਼ ਪਹੁੰਚਾਉਣ ਦਾ ਝਾਂਸਾ ਦੇ ਕੇ 35 ਤੋਂ 50 ਲੱਖ ਰੁਪਏ ਠੱਗ ਕੇ ਲੜਕੀਆਂ ਨੂੰ ਝੂਠੇ ਪਤੀ ਨਾਲ ਹਕੀਕੀ ਪਤਨੀ ਦੇ ਫ਼ਰਜ਼ ਨਿਭਾਉਣੇ ਪੈਂਦੇ ਹਨ ਅਤੇ ਫਿਰ ਏਜੰਟ ਤੇ ਲਾੜਾ ਦੋਵੇਂ ਗ਼ਾਇਬ ਹੋ ਜਾਂਦੇ ਹਨ।

ਸ. ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੀਆਂ ਹਜ਼ਾਰਾਂ ਲੜਕੀਆਂ ਜੋਰਜੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਤੁਰਕੀ, ਸਾਇਪ੍ਰਸ ਅਤੇ ਅਰਬ ਦੇਸ਼ਾਂ ਵਿਚ ਗਹਿਣੇ ਰਖੀਆਂ ਜਾ ਚੁਕੀਆਂ ਹਨ। ਸ. ਰਾਮੂਵਾਲੀਆ ਨੇ ਪੰਜਾਬ ਦੇ ਰਾਜਸੀ ਅਤੇ ਧਾਰਮਕ ਜਥੇਬੰਦੀਆਂ ਦੇ ਮੁਖੀਆਂ ਨੂੰ ਇਨ੍ਹਾਂ ਠੱਗਾਂ ਤੋਂ ਨਿਰਦੋਸ਼ ਲੜਕੀਆਂ ਬਚਾਉਣ ਲਈ ਆਵਾਜ਼ ਬੁਲੰਦ ਕਰਨ ਲਈ ਆਖਿਆ।