ਗ਼ੈਰ-ਮੰਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਵੀ.ਡੀ.ਐਸ. ਦੀ ਸ਼ੁਰੂਆਤ :ਰਜ਼ੀਆ ਸੁਲਤਾਨਾ
ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿਚ ਗ਼ੈਰ-ਮੰਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਵਾਲੇ ਖ਼ਪਤਕਾਰਾਂ ਲਈ
ਚੰਡੀਗੜ੍ਹ, 14 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿਚ ਗ਼ੈਰ-ਮੰਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਵਾਲੇ ਖ਼ਪਤਕਾਰਾਂ ਲਈ ਸਵੈਇੱਛੁਕ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਜਾਰੀ ਕਰ ਦਿਤੀ ਹੈ। ਇਸ ਸਕੀਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਖ਼ਪਤਕਾਰਾਂ ਨੂੰ ਸਵੈ-ਇੱਛੁਕ ਖੁਲਾਸੇ ਅਤੇ ਉਨ੍ਹਾਂ ਦੇ ਗ਼ਰ-ਮੰਜ਼ੂਰਸ਼ੁਦਾ ਕੁਨੈਕਸ਼ਨ ਨੂੰ ਮੁਫ਼ਤ ਨਿਯਮਤ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਜਿਸ ਅਨੁਸਾਰ ਪਾਣੀ ਦੀ ਪਿਛਲੀਂ ਵਰਤੋਂ ਲਈ ਵੀ ਉਨ੍ਹਾਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ।
ਪ੍ਰੈੱਸ ਨਾਲ ਗੱਲਬਾਤ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਯੋਜਨਾ 15 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਵੀਡੀਐਸ ਅਧੀਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ 15 ਜੁਲਾਈ 2020 ਹੈ। ਉਨ੍ਹਾਂ ਕਿਹਾ ਕਿ ਇਸ ਮਿਆਦ ਦੇ ਦੌਰਾਨ ਨਵੇਂ ਕੁਨੈਕਸ਼ਨ ਵੀ ਅਪਲਾਈ ਕੀਤੇ ਜਾ ਸਕਦੇ ਹਨ। ਇਸ ਸਕੀਮ ਦੇ ਵੇਰਵੇ ਵਿਭਾਗ ਦੀ ਵੈਬਸਾਈਟ pbdwss.gov.in ਤੋਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੋਂ ਦੌਰਾਨ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਪਭੋਗਤਾ ਟੋਲ ਫ੍ਰੀ ਨੰਬਰ 1800-103-6999 ਉਤੇ ਕਾਲ ਕਰ ਕੇ ਅਪਲਾਈ ਕਰ ਸਕਦੇ ਹਨ ਅਤੇ ਵਿਭਾਗ ਦੇ ਨੁੰਮਾਇੰਦਿਆਂ ਦੁਆਰਾ ਬਿਨੈਕਾਰ ਤੋਂ ਅਪਣੇ ਆਪ ਫ਼ਾਰਮ ਭਰਵਾ ਲਿਆ ਜਾਵੇਗਾ। ਬਿਨੈਕਾਰ ਬਿਨੈ-ਪੱਤਰ ਦੀ ਕਾਪੀ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਅਤੇ ਇਥੇ ਆਨਲਾਈਨ ਬੇਨਤੀ ਦਰਜ ਕਰ ਸਕਦੇ ਹਨ।
ਜਲ ਸਪਲਾਈ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਵਿਭਾਗ ਦੁਆਰਾ ਜੁਲਾਈ ਤੋਂ ਪੰਜਾਬ ਦੇ ਸਾਰੇ ਪੇਂਡੂ ਘਰਾਂ ਦਾ ਵਿਆਪਕ ਘਰੇਲੂ ਸਰਵੇਖਣ ਕਰਨ ਦੀ ਯੋਜਨਾ ਬਣਾਈ ਗਈ ਹੈ। ਸਰਵੇਖਣ ਦੌਰਾਨ ਜੇ ਕਰ ਕੋਈ ਵੀ ਉਪਭੋਗਤਾ ਦੇ ਘਰ ਵੀਡੀਐਸ ਯਾਨੀ 15 ਜੁਲਾਈ 2020 ਦੇ ਬੰਦ ਹੋਣ ਤੋਂ ਬਾਅਦ ਗ਼ਰ-ਮੰਜੂਰਸ਼ੁਦਾ ਕੁਨੈਕਸ਼ਨ ਪਾਇਆ ਜਾਂਦਾ ਹੈ, ਤਾਂ ਉਸ ਦਾ ਕੁਨੈਕਸ਼ਨ ਕੱਟ ਦਿਤਾ ਜਾਵੇਗਾ ਅਤੇ ਪਿਛਲੇ ਸਮੇਂ ਦੌਰਾਨ ਪਾਣੀ ਦੀ ਕੀਤੀ ਗਈ ਵਰਤੋਂ ਲਈ ਖਰਚਾ ਵੀ ਲਿਆ ਜਾਵੇਗਾ।