ਵਿਆਂਧੜ ਮੁੰਡੇ ਦੀ ਲਾਵਾਂ ਲੈਣ ਤੋਂ ਕੁੱਝ ਘੰਟੇ ਪਹਿਲਾਂ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਉਗਰਾਹਾਂ ਵਿਖੇ ਵਿਆਂਧੜ ਮੁੰਡੇ ਦੀ ਲਾਵਾਂ ਲੈਣ ਤੋਂ ਕੁਝ ਘੰਟੇ ਪਹਿਲਾਂ ਹਾਦਸੇ ਵਿਚ ਮੌਤ ਹੋ ਜਾਣ

File Photo

ਸੁਨਾਮ ਊਧਮ ਸਿੰਘ ਵਾਲਾ, 14 ਜੂਨ (ਦਰਸ਼ਨ ਸਿੰਘ ਚੌਹਾਨ): ਪਿੰਡ ਉਗਰਾਹਾਂ ਵਿਖੇ ਵਿਆਂਧੜ ਮੁੰਡੇ ਦੀ ਲਾਵਾਂ ਲੈਣ ਤੋਂ ਕੁਝ ਘੰਟੇ ਪਹਿਲਾਂ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਨੇ ਖ਼ੁਸ਼ੀ ਦੇ ਜਸ਼ਨਾਂ ਨੂੰ ਗਮਗੀਨ ਮਾਹੌਲ ਵਿਚ ਬਦਲ ਦਿਤਾ। ਮ੍ਰਿਤਕ ਨੌਜਵਾਨ ਦਾ ਕਲ ਹੀ ਸ਼ਗਨ ਹੋਇਆ ਸੀ ਅਤੇ ਅੱਜ ਬਰਾਤ ਜਾਣੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦਸਿਆ ਕਿ ਪਿੰਡ ਉਗਰਾਹਾਂ ਦੇ 26 ਕੁ ਵਰ੍ਹਿਆਂ ਦੇ ਨੌਜਵਾਨ ਸੁਖਦੀਪ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ, ਕਲ ਉਸ ਦਾ ਸ਼ਗਨ ਹੋਇਆ ਅਤੇ ਅੱਜ ਬਰਾਤ ਜਾਣੀ ਸੀ, ਘਰ ਵਿਚ ਖ਼ੁਸ਼ੀ ਦਾ ਮਾਹੌਲ ਸੀ।

ਉਨ੍ਹਾਂ ਕਿਹਾ ਕਿ ਵਿਆਂਧੜ ਸੁਖਦੀਪ ਸਿੰਘ ਰਾਤ ਨੂੰ ਕਰੀਬ ਗਿਆਰਾਂ ਕੁ ਵਜੇ ਮੋਟਰਸਾਈਕਲ ਉਤੇ ਪਿੰਡ ਵਿਚ ਹੀ ਅਪਣੇ ਕਿਸੇ ਦੋਸਤ ਦੇ ਘਰ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਕੰਧ ਵਿਚ ਜਾ ਵੱਜਾ ਜਿਸ ਕਾਰਨ ਵਿਆਹ ਵਾਲੇ ਮੁੰਡੇ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਉਤੇ 174 ਦੀ ਕਾਰਵਾਈ ਅਮਲ ਵਿੱਚ ਲਿਆਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਹੈ।