ਕੇਂਦਰ ਦੀ ਬੇਰੁਖ਼ੀ ਕਾਰਨ ਦੇਸ਼ ਵਿਚ ਦੁਖੀ ਹਨ ਕਿਸਾਨ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਦੀ ਬੇਰੁਖ਼ੀ ਕਾਰਨ ਦੇਸ਼ ਵਿਚ ਦੁਖੀ ਹਨ ਕਿਸਾਨ : ਮਮਤਾ ਬੈਨਰਜੀ

image

ਕੋਲਕਾਤਾ, 14 ਜੂਨ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਦੀ ਬੇਰੁਖ਼ੀ ਕਾਰਨ ਦੇਸ਼ ਭਰ ਵਿਚ ਕਿਸਾਨ ਦੁਖੀ ਹਨ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਲੜਾਈ ਲੜਨ ਦਾ ਵੀ ਸੰਕਲਪ ਲਿਆ। ਮਮਤਾ ਨੇ ਕਿਹਾ ਕਿ ਅੱਜ ਦਾ ਦਿਨ ਸਿੰਗੂਰ ਭੂਮੀ ਪੁਨਰਵਾਸ ਅਤੇ ਵਿਕਾਸ ਬਿਲ ਦੇ 10 ਸਾਲ ਪੂਰੇ ਹੋਣ ਦੇ ਰੂਪ ਵਿਚ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਲੰਮੀ ਲੜਾਈ ਤੋਂ ਬਾਅਦ ਵਿਧਾਨ ਸਭਾ ਵਿਚ ਇਹ ਬਿਲ ਪਾਸ ਹੋਇਆ ਸੀ। ਮੁੱਖ ਮੰਤਰੀ ਨੇ ਟਵੀਟ ਕੀਤਾ,‘‘ਅੱਜ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਦੇਸ਼ ਭਰ ਵਿਚ ਸਾਡੇ ਕਿਸਾਨ ਭਰਾ ਕੇਂਦਰ ਦੀ ਬੇਰੁਖ਼ੀ ਕਾਰਨ ਦੁੱਖ ਝੱਲ ਰਹੇ ਹਨ। ਅਸੀਂ ਸਭ ਮਿਲ ਕੇ, ਸਾਡੇ ਸਮਾਜ ਦੇ ਇਸ ਪ੍ਰਮੁਖ ਥੰਮ੍ਹ ਦੀ ਭਲਾਈ ਯਕੀਨੀ ਕਰਨ ਲਈ ਅਪਣੀ ਲੜਾਈ ਜਾਰੀ ਰੱਖਾਂਗੇ।’’
ਉਨ੍ਹਾਂ ਕਿਹਾ,‘‘ਲੰਮੇ ਅਤੇ ਸਖ਼ਤ ਸੰਘਰਸ਼ ਤੋਂ ਬਾਅਦ  ਅੱਜ ਹੀ ਦੇ ਦਿਨ, 10 ਸਾਲ ਪਹਿਲਾਂ, ਸਿੰਗੂਰ ਭੂਮੀ ਪੁਨਰਵਾਸ ਅਤੇ ਵਿਕਾਸ ਬਿਲ 2011 ਪਛਮੀ ਬੰਗਾਲ ਵਿਧਾਨ ਸਭਾ ਵਿਚ ਪਾਸ ਹੋਇਆ ਸੀ। ਅਸੀਂ ਮਿਲ ਕੇ ਅਪਣੇ ਕਿਸਾਨਾਂ ਦੇ ਅਧਿਕਾਰਾਂ ਲਈ ਲੜਾਈ ਲੜੀ ਸੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹਲ ਕੀਤਾ ਸੀ, ਉਨ੍ਹਾਂ ਦੇ ਜੀਵਨ ਵਿਚ ਲੋੜੀਂਦਾ ਬਦਲਾਅ ਲਿਆਂਦਾ ਸੀ।’’ 
ਪਿਛਲੇ ਸਾਲ ਸੰਸਦ ਵਿਚ ਪਾਸ ਕੀਤੇ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਤ੍ਰਿਣਮੂਲ ਕਾਂਗਰਸ ਪ੍ਰਮੁਖ ਅਪਣੀ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਨੇ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ਦੀ ਅਗਵਾਈ ਵਿਚ ਕਿਸਾਨ ਆਗੂਆਂ ਨੂੰ ਪਿਛਲੇ ਹਫ਼ਤੇ ਇਕ ਬੈਠਕ ਦੌਰਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਉਨ੍ਹਾਂ ਦੇ ਅੰਦੋਲਨ ਵਿਚ ਸਮਰਥਨ ਦੇਣ ਦਾ ਭਰੋਸਾ ਵੀ ਦਿਤਾ ਸੀ। (ਪੀਟੀਆਈ)