ਜੇ ਸੁਖਬੀਰ ਨੂੰ ਬੰਦੀ ਸਿੰਘਾਂ ਨਾਲ ਹਮਦਰਦੀ ਹੈ ਤਾਂ ਉਹ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਬੰਦੀ ਸਿੰਘ ਨੂੰ ਦੇਣ : ਸਿਮਰਨਜੀਤ ਮਾਨ
ਜੇ ਸੁਖਬੀਰ ਨੂੰ ਬੰਦੀ ਸਿੰਘਾਂ ਨਾਲ ਹਮਦਰਦੀ ਹੈ ਤਾਂ ਉਹ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਬੰਦੀ ਸਿੰਘ ਨੂੰ ਦੇਣ : ਸਿਮਰਨਜੀਤ ਮਾਨ
ਲਹਿਰਾਗਾਗਾ, 14 ਜੂਨ (ਗੁਰਮੇਲ ਸਿੰਘ ਸੰਗਤਪੁਰਾ) ; ਜੇ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਨਾਲ ਹਮਦਰਦੀ ਹੈਂ ਤਾਂ ਉਹ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਕਿਸੇ ਬੰਦੀ ਸਿੰਘ ਨੂੰ ਦੇਣ, ਦਮਦਮੀ ਟਕਸਾਲ ਦਾ ਮੁੱਖੀ ਵੀ ਕਿਸੇ ਬੰਦੀ ਸਿੰਘ ਨੂੰ ਬਣਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨਗੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌਂਪਣ,ਨਹੀਂ ਫਿਰ ਸੰਗਰੂਰ ਲੋਕਸਭਾ ਹਲਕਾ ਦੀ 23 ਜੂਨ ਨੂੰ ਹੋਣ ਜਾ ਰਹੀ ਜਿਮਨੀ ਚੋਣ ਵਿਚ ਲੁਕਵੀਂ ਰਾਜਨੀਤੀ ਕਰਨਾ ਬੰਦ ਕਰਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਲੰਘੀ ਸ਼ਾਮ ਲਹਿਰਾਗਾਗਾ ਵਿਖੇ ਆਪਣੇ ਚੋਣ ਜਲਸੇ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਸਮੇਂ ਕੀਤਾ।ਉਨਾਂ ਬਾਦਲ ਪਰਿਵਾਰ ਉੱਪਰ ਤਾਬੜ ਤੋੜ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਪੰਥ ਦੇ ਨਾਮ ਉੱਪਰ ਰਾਜਨੀਤੀ ਕੀਤੀ ਅਤੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ, ਜਿਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੀਆਂ।
ਇਸ ਮੌਕੇ ਸ. ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਨਿੰਦਦਿਆਂ ਕਿਹਾ ਕਿ ਅੱਜ ਹਰ ਪਾਸੇ ਉਨ੍ਹਾਂ ਦੀ ਸਰਕਾਰ ਦੀ ਥੂਹ-ਥੂਹ ਹੋ ਰਹੀ ਹੈ। ਨਿੱਤ ਦਿਨ ਲੁੱਟਾਂ ਖੋਹਾਂ, ਡਾਕੇ ਅਤੇ ਦਿਨ ਦਿਹਾੜੇ ਹੋ ਰਹੇ ਕਤਲ ਇਸਦੀ ਸਰਕਾਰ ਦੀ ਅਸਫਲਤਾ ਦਰਸਾ ਰਹੇ ਹਨ।
ਸ. ਮਾਨ ਨੇ ਇਸ ਮੌਕੇ ਭਰੇ ਮਨ ਨਾਲ ਪਹਿਲਾਂ ਦੀਪ ਸਿੱਧੂ ਦੀ ਮੌਤ ਦਾ ਜਿਕਰ ਕੀਤਾ ਅਤੇ ਨਾਲ ਸਿੱਧੂ ਮੂਸੇਵਾਲਾ ਨੂੰ ਵੀ ਵਾਰ ਵਾਰ ਯਾਦ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਕੇਂਦਰੀ ਏਜੰਸੀ ਨੇ ਸੁਚੇਤ ਕਰ ਦਿੱਤਾ ਸੀ ਕਿ ਜੇਲ ਅੰਦਰ ਬੰਦ ਲਾਰੈਂਸ ਬਿਸ਼ਨੋਈ ਵਰਗਿਆਂ ਨੇ ਉਨ੍ਹਾਂ ਦਾ ਕਤਲ ਕਰਨ ਦਾ ਪਲਾਨ ਬਣਾਇਆ ਹੋਇਆ ਹੈ ਅਤੇ ਇਸ ਗੱਲ ਦੀ ਸੂਚਨਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਵੀ ਸੀ।ਸਿੱਧੂ ਮੂਸੇਵਾਲਾ ਦੇ ਕਤਲ ਲਈ ਸ ਮਾਨ ਨੇ ਕੇਂਦਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਬਰਾਬਰ ਦਾ ਦੋਸ਼ੀ ਠਹਿਰਾਇਆ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਧਾਉਣ ਦੀ ਥਾਂ ਉਸ ਵਿਚ ਕਟੌਤੀ ਕੀਤੀ। ਇਸ ਸਮੇਂ ਉਨ੍ਹਾਂ ਦੇ ਨਾਲ ਜਿਲਾ ਆਗੂ ਬਹਾਦਰ ਸਿੰਘ ਭਸੌੜ, ਪਾਲ ਸਿੰਘ ਖਾਈ, ਗੁਰਜੀਤ ਸਿੰਘ ਗਾਗਾ, ਚਰਨਜੀਤ ਸਿੰਘ ਖੋਖਰ ਤੋਂ ਇਲਾਵਾ ਨੌਜਵਾਨ ਵਰਗ ਵੱਡੀ ਗਿਣਤੀ ਵਿਚ ਹਾਜ਼ਰ ਸੀ, ਜਿਨ੍ਹਾਂ ਨੇ ਸ ਮਾਨ ਨੂੰ ਐਸਕਾਰਟ ਕਰਕੇ ਲੈ ਕੇ ਸਟੇਜ ਉੱਪਰ ਲਿਆਂਦਾ ਅਤੇ ਹਾਰ ਪਾ ਕੇ ਸਵਾਗਤ ਕੀਤਾ।
ਫੋਟੋ 14-6