ਪੂਰੀ ਹੋਈ ਪੰਜਾਬੀਆਂ ਦੀ ਚਿਰੋਕਣੀ ਮੰਗ, ਦਿੱਲੀ ਏਅਰਪੋਰਟ ਲਈ ਸ਼ੁਰੂ ਹੋਈ ਸਰਕਾਰੀ ਵਾਲਵੋ ਬੱਸ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਦਿੱਲੀ ਲਈ ਰਵਾਨਾ ਕੀਤੀ ਗਈ ਪਹਿਲੀ ਸਰਕਾਰੀ ਵਾਲਵੋ ਬੱਸ

Passengers praised the government's decision


-ਸਵਾਰੀਆਂ ਦੀ ਸਹੂਲਤ ਦੇ ਨਾਲ-ਨਾਲ ਸਰਕਾਰੀ ਖ਼ਜ਼ਾਨੇ ਵਿਚ ਹੋਵੇਗਾ ਇਜ਼ਾਫ਼ਾ
-ਸਵਾਰੀਆਂ ਨੇ ਕੀਤੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ

 

ਜਲੰਧਰ (ਚਰਨਜੀਤ ਸਿੰਘ ਸੁਰਖ਼ਾਬ): 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਪਹਿਲੀ ਵਾਲਵੋ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦਿੱਲੀ ਜਾਣ ਵਾਲੀਆਂ ਸਵਾਰੀਆਂ ਬਹੁਤ ਖ਼ੁਸ਼ ਨਜ਼ਰ ਆਈਆਂ। ਮਾਨ ਸਰਕਾਰ ਨੇ ਸਵਾਰੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਰਵਾਨਾ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਆਮ ਵਿਅਕਤੀ ਦੀ ਜੇਬ ਦਾ ਬੋਝ ਘਟੇਗਾ ਉੱਥੇ ਹੀ ਇਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਵੀ ਵਾਧਾ ਹੋਵੇਗਾ। ਅਧਿਕਾਰੀਆਂ ਮੁਤਾਬਕ ਜਲੰਧਰ ਤੋਂ ਦਿੱਲੀ ਜਾਣ ਵਾਲੀ ਇਕ ਵਾਲਵੋ ਬੱਸ ਇਕ ਲੱਖ ਰੁਪਿਆ ਕਮਾਉਂਦੀ ਹੈ।

Arvind Kejriwal and CM Bhagwant Mann flag off Jalandhar-Delhi airport Volvo bus services

ਪੰਜਾਬ ਸਰਕਾਰ ਦੀ ਸਹੂਲਤ ਨਾਲ ਆਮ ਲੋਕਾਂ ਨੂੰ ਮਿਲੀ ਰਾਹਤ

ਦਿੱਲੀ ਲਈ ਰਵਾਨਾ ਹੋਈ ਪਹਿਲੀ ਵਾਲਵੋ ਬੱਸ ਵਿਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਐਨਆਰਆਈਜ਼ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੂਰਾ ਕੀਤਾ ਹੈ। ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਐਨਆਰਆਈਜ਼ ਨੇ ਕਿਹਾ ਕਿ ਉਹਨਾਂ ਨੂੰ ਏਅਰਪੋਰਟ ਤੱਕ ਜਾਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਹਿਲਾਂ ਉਹਨਾਂ ਨੂੰ ਕਰੀਬ 2700 ਰੁਪਏ ਦੇਣੇ ਪੈਂਦੇ ਸੀ ਜਦਕਿ ਹੁਣ ਉਹਨਾਂ ਨੂੰ 1150 ਰੁਪਏ ਹੀ ਦੇਣ ਪੈਣਗੇ। ਸਵਾਰੀਆਂ ਦਾ ਕਹਿਣਾ ਹੈ ਕਿ ਇਸ ਸਹੂਲਤ ਲਈ ਸਰਕਾਰ ਦਾ ਜਿੰਨਾ ਧੰਨਵਾਦ ਕੀਤਾ ਜਾਵੇ, ਉਹ ਘੱਟ ਹੈ। ਮਹਿੰਗਾਈ ਕਾਰਨ ਲੋਕ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ, ਇਸ ਜ਼ਰੀਏ ਆਮ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।

Passengers

ਦਿੱਲੀ ਏਅਰਪੋਰਟ ਜਾ ਰਹੇ ਅਮਨ ਨੇ ਦੱਸਿਆ ਕਿ ਪਹਿਲਾਂ ਉਹ ਟੈਕਸੀ ਜਾਂ  ਇੰਡੋ ਕੈਨੇਡੀਅਨ ਰਾਹੀਂ ਦਿੱਲੀ ਜਾਂਦੇ ਸੀ ਕਿਉਂਕਿ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੁੰਦਾ ਸੀ। ਜੇ ਸਰਕਾਰ ਦੀ ਇਹ ਸਹੂਲਤ ਜਾਰੀ ਰਹੇਗੀ ਤਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ, ਇਸ ਦੇ ਨਾਲ-ਨਾਲ ਖਜ਼ਾਨੇ ਵਿਚ ਵੀ ਪੈਸਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਬਦਲਣ ਨਾਲ ਬਦਲਾਅ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਕੈਨੇਡਾ ਵਿਚ ਪੜ੍ਹਾਈ ਲਈ ਜਾ ਰਹੇ ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੀਆਂ ਸਹੂਲਤਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪਰਿਵਾਰ ਸਮੇਤ ਵਿਦੇਸ਼ ਜਾ ਰਹੇ ਵਿਅਕਤੀ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਮਾਰੋਹ ਹੋਣ ਦੇ ਬਾਵਜੂਦ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਬੱਸ ਅਪਣੇ ਸਮੇਂ ਅਨੁਸਾਰ ਬੱਸ ਸਟੈਂਡ ਤੋਂ ਚੱਲੀ ਹੈ।

Passengers

ਇਕ ਵਿਅਕਤੀ ਨੇ ਦੱਸਿਆ ਕਿ ਆਖ਼ਰੀ ਵਾਰ ਉਹ 2012 ਵਿਚ ਇੰਡੋਕੈਨੇਡੀਅਨ ਬੱਸ ਵਿਚ ਦਿੱਲੀ ਏਅਰਪੋਰਟ ਗਏ ਸੀ, ਇਸ ਦੌਰਾਨ ਉਹਨਾਂ ਦਾ 900 ਰੁਪਏ ਕਿਰਾਇਆ ਲੱਗਿਆ ਸੀ। ਉਹਨਾਂ ਕਿਹਾ ਕਿ ਸਾਨੂੰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਸਰਕਾਰ ਦੇ ਫੈਸਲਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਸਰਕਾਰੀ ਵਾਲਵੋ ਬੱਸ ਦਾ ਕਿਰਾਇਆ ਆਮ ਵਿਅਕਤੀ ਦੇ ਬਜਟ ਵਿਚ ਹੈ। ਬੱਸ ਵਿਚ ਸਵਾਰ ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਹੂਲਤ ਜਾਰੀ ਰਹੀ ਤਾਂ ਇਸ ਨਾਲ ਸਰਕਾਰ ਅਤੇ ਆਮ ਲੋਕਾਂ ਦਾ ਬਹੁਤ ਫਾਇਦਾ ਹੋਵੇਗਾ।

Passengers

ਦਿੱਲੀ ਜਾ ਰਹੇ ਸਿੱਖ ਪ੍ਰਚਾਰਕ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗ ਮੁੱਖ ਮੰਤਰੀ ਭਗਵੰਤ ਮਾਨ ਦੀ ਲੰਬੀ ਉਮਰ ਲਈ ਅਰਦਾਸ ਕਰਦੇ ਹਨ ਕਿਉਂਕਿ ਉਹ ਬਹੁਤ ਚੰਗੀ ਤਰ੍ਹਾਂ ਪੰਜਾਬੀਆਂ ਦਾ ਖ਼ਿਆਲ ਰੱਖ ਰਹੇ ਹਨ। ਉਹਨਾਂ ਦੱਸਿਆ ਕਿ ਅਸੀਂ ਪਹਿਲਾਂ ਇੰਡੋਕੈਨੇਡੀਅਨ ਬੱਸ ਬੁੱਕ ਕਰਵਾਉਣ ਜਾ ਰਹੇ ਸੀ, ਉਹਨਾਂ ਨੇ 3200 ਰੁਪਏ ਕਿਰਾਇਆ ਮੰਗਿਆ। ਜਦੋਂ ਬੱਸ ਸਟੈਂਡ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ 15 ਜੂਨ ਤੋਂ ਸਰਕਾਰੀ ਬੱਸਾਂ ਸ਼ੁਰੂ ਹੋ ਜਾਣਗੀਆਂ। ਇਸ ਲਈ ਉਹਨਾਂ ਨੇ 1160 ਰੁਪਏ ਵਿਚ ਟਿਕਟ ਕਰਵਾਈ।  

Bus Driver

ਕਈ ਸਹੂਲਤਾਂ ਨਾਲ ਲੈਸ ਹਨ ਪੰਜਾਬ ਸਰਕਾਰ ਦੀਆਂ ਵਾਲਵੋ ਬੱਸਾਂ

ਬੱਸ ਡਰਾਈਵਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ 2010 ਤੋਂ ਵਾਲਵੋ ਬੱਸ ਚਲਾਉਂਦੇ ਹਨ। ਉਹਨਾਂ ਦੱਸਿਆ ਕਿ  ਦਿੱਲੀ ਏਅਰਪੋਰਟ ਲਈ ਡਬਲ ਡਰਾਈਵਰ ਬੱਸ ਜਾਏਗੀ ਅਤੇ ਸਵਾਰੀਆਂ ਦੀ ਸਹੂਲਤ ਲਈ ਅਹਿਮ ਪ੍ਰਬੰਧ ਕੀਤੇ ਗਏ ਹਨ। ਸਵਾਰੀਆਂ ਲਈ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਰਕਾਰ ਦੇ ਇਸ ਉਪਰਾਲੇ ਤੋਂ ਲੋਕ ਬਹੁਤ ਖੁਸ਼ ਹਨ। ਆਉਣ ਵਾਲੇ ਦਿਨਾਂ ਵਿਚ ਸਵਾਰੀਆਂ ਲਈ ਖਾਣੇ ਦੀ ਸਹੂਲਤ ਵੀ ਹੋਵੇਗੀ। ਇਹ ਬੱਸ ਸਿੱਧੀ ਦਿੱਲੀ ਏਅਰਪੋਰਟ  ਦੇ ਟਰਮੀਨਲ-3 ਜਾਵੇਗੀ। ਮੈਨੇਜਮਨ ਵੱਲੋਂ ਬੱਸ ਦੇ ਰੁਕਣ ਲਈ ਈਗਲ ਹੋਟਲ ਰਾਜਪੁਰਾ ਤੈਅ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੱਸ ਵਿਚ ਪੈਨਿਕ ਬਟਨ ਲੱਗੇ ਹੋਏ ਹਨ, ਜੇਕਰ ਕਿਸੇ ਸਵਾਰੀ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਬਟਨ ਦੱਬ ਸਕਦੇ ਹਨ। ਇਸ ਦੌਰਾਨ ਸਵਾਰੀ ਨੂੰ ਮੁੱਖ ਦਫ਼ਤਰ ਤੋਂ ਫੋਨ ਆਏਗਾ ਅਤੇ ਉਹਨਾਂ ਦੀ ਸਮੱਸਿਆ ਬਾਰੇ ਪੁੱਛਿਆ ਜਾਵੇਗਾ। ਹਰ ਤਰ੍ਹਾਂ ਦੀ ਨਿਗਰਾਨੀ ਲਈ ਬੱਸਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ ਟੀਵੀ, ਚਾਰਜਿੰਗ ਪੁਆਇੰਟ ਆਦਿ ਵੀ ਮੌਜੂਦ ਹਨ।