ਰਾਜਾ ਵੜਿੰਗ ਨੇ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਕੱੁਝ ਵੀ ਨਾ ਸਾਹਮਣੇ ਆਉਣ 'ਤੇ ਖੜੇ ਕੀਤੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨੇ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਕੱੁਝ ਵੀ ਨਾ ਸਾਹਮਣੇ ਆਉਣ 'ਤੇ ਖੜੇ ਕੀਤੇ ਸਵਾਲ

image

ਚੰਡੀਗੜ੍ਹ, 14 ਜੂਨ (ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਦੀ ਜਾਂਚ ਲਟਕਾਈ ਤੇ ਭਟਕਾਈ ਜਾ ਰਹੀ ਹੈ ਜਿਸ 'ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ  ਮਾਮਲੇ ਦੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਹੈ | ਇਥੇ ਜਾਰੀ ਇਕ ਬਿਆਨ ਵਿਚ, ਉਨ੍ਹਾਂ ਕਿਹਾ ਕਿ ਜਾਂਚ ਮੱਠੀ ਰਫ਼ਤਾਰ ਨਾਲ ਵੀ ਨਹੀਂ ਚਲ ਰਹੀ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਪੁਲਿਸ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ ਅਤੇ ਉਹ ਦੂਜੇ ਸੂਬਿਆਂ ਦੀ ਪੁਲਿਸ 'ਤੇ ਨਿਰਭਰ ਹੈ ਜਿਸ 'ਤੇ ਉਨ੍ਹਾਂ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਵੱਖ-ਵੱਖ ਸੂਬਿਆਂ ਵਿਚ ਫੈਲਣ ਦੇ ਮੱਦੇਨਜ਼ਰ ਇਹ ਉਚਿਤ ਹੋਵੇਗਾ ਕਿ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ  ਸੌਂਪੀ ਜਾਵੇ | ਰਾਜਾ ਵੜਿੰਗ ਨੇ ਕਿਹਾ ਕਿ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਨੂੰ  16 ਦਿਨ ਬੀਤ ਚੁੱਕੇ ਹਨ ਅਤੇ ਪੁਲਿਸ ਦੀ ਸਥਿਤੀ ਅਜੇ ਵੀ 29 ਮਈ ਦੀ ਤਰ੍ਹਾਂ ਹੈ | ਹੁਣ ਤਕ ਦੀ ਜਾਂਚ ਵਿਚ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ | ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲੇ ਤਕ ਜਾਂਚ ਦੀ ਪ੍ਰਗਤੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿਤਾ ਹੈ | ਅਸੀਂ ਹੁਣ ਤਕ ਸੁਣਦੇ ਆ ਰਹੇ ਹਾਂ ਕਿ ਪੁਨੇ ਵਿਚ ਕਿਸੇ ਦੀ ਪਛਾਣ ਕੀਤੀ ਤੇ ਗੁਜਰਾਤ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਪੰਜਾਬ ਪੁਲਿਸ ਨੇ ਨਹੀਂ, ਮਹਾਰਾਸ਼ਟਰ ਪੁਲਿਸ ਨੇ ਕੀਤਾ ਸੀ | ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਸੱਭ ਜਾਂਚ ਨੂੰ  ਮੋੜਨ ਅਤੇ ਦੇਰੀ ਕਰਨ ਲਈ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਾਂਚ ਵਿਚ ਕਿਸੇ ਵੀ ਠੋਸ ਨਤੀਜੇ 'ਤੇ ਪਹੁੰਚਣ ਲਈ 16 ਦਿਨ ਕਾਫ਼ੀ ਸਮਾਂ ਹੈ |
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਕੱੁਝ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ  ਗਿ੍ਫ਼ਤਾਰ ਕਰ ਲਿਆ ਹੈ ਤਾਂ ਉਹ ਅਸਲ ਦੋਸ਼ੀਆਂ ਤਕ ਕਿਉਂ ਨਹੀਂ ਪਹੁੰਚ ਸਕੇ ਜਾਂ ਫਿਰ ਪੰਜਾਬ ਪੁਲਿਸ ਚਾਹੁੰਦੀ ਹੈ ਕਿ ਅਸੀਂ ਸਿਰਫ਼ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵਿਆਂ 'ਤੇ ਯਕੀਨ ਕਰੀਏ | ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿਤੀ ਕਿ ਜਿੰਨੀ ਦੇਰ ਜਾਂਚ ਵਿਚ ਦੇਰੀ ਹੋਵੇਗੀ, ਅਸਲ ਦੋਸ਼ੀਆਂ ਨੂੰ  ਬਚਣ ਦਾ ਉਨਾ ਹੀ ਮੌਕਾ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਕਤਲ ਨੇ ਪੰਜਾਬ ਨੂੰ  ਹਿਲਾ ਕੇ ਰੱਖ ਦਿਤਾ ਹੈ ਅਤੇ ਹਰ ਪਾਸੇ ਡਰ ਦਾ ਮਾਹੌਲ ਹੈ | ਜੇਕਰ ਪੰਜਾਬ ਪੁਲਿਸ ਦੋਸ਼ੀਆਂ ਨੂੰ  ਇਨਸਾਫ਼ ਦੇ ਕਟਹਿਰੇ ਵਿਚ ਨਹੀਂ ਲਿਆ ਸਕੀ, ਤਾਂ ਇਸ ਨਾਲ ਨਾ ਸਿਰਫ਼ ਗ਼ਲਤ ਸੰਦੇਸ਼ ਜਾਵੇਗਾ, ਸਗੋਂ ਇਸ ਨਾਲ ਅਪਰਾਧੀਆਂ ਦਾ ਮਨੋਬਲ ਵੀ ਵਧੇਗਾ |