ਅਜੋਕੀ ਪੀੜੀ ਦੇ ਗਾਇਕ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਤੋਂ ਸੇਧ ਲੈਣ : ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰੋਗਰਾਮ 'ਉਡੀਕਾਂ ਸਾਉਣ ਦੀਆਂ' ਵਿਚ ਅਮਰਜੀਤ ਗੁਰਦਾਸਪੁਰੀ ਦਾ ਕੀਤਾ ਗਿਆ ਸਨਮਾਨ

Naat utsav by Sangeet Natak Academy at Punjab Kala Bhawan

ਚੰਡੀਗੜ੍ਹ : ਅਮਰਜੀਤ ਗੁਰਦਾਸਪੁਰੀ ਸਾਫ਼-ਸੁਥਰੀ, ਸਾਰਥਕ ਤੇ ਲੋਕ ਹਿੱਤਾਂ ਦੀ ਗਾਇਕੀ ਦਾ ਮੁਜੱਸਮਾ ਹੈ ਜਿਸ ਦੀ ਗਾਇਕੀ ਦੀ ਪ੍ਰੰਪਰਾ ਨੂੰ ਅੱਗੇ ਤੋਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲੋਕ ਗਾਇਕ ਦੀ ਜੀਵਨੀ ਤੋਂ ਅਜੋਕੀ ਪੀੜੀ ਦੇ ਗਾਇਕ ਸੇਧ ਲੈ ਕੇ ਕਲਾ ਤੇ ਸੱਭਿਆਚਾਰ ਖੇਤਰ ਨੂੰ ਹੋਰ ਅਮੀਰੀ ਬਖ਼ਸ਼ ਸਕਦੇ ਹਨ। ਅਮਰਜੀਤ ਗੁਰਦਾਸਪੁਰੀ ਵਲੋਂ ਜੋ ਪੰਜਾਬੀ ਗਾਇਕੀ ਖੇਤਰ ਵਿਚ ਨਿਵੇਕਲੀਆਂ ਪੈੜਾਂ ਪਾਈਆਂ, ਉਹ ਬਹੁਤ ਸਾਰੇ ਲੋਕਾਂ ਦਾ ਰਾਹ ਦਸੇਰਾ ਵੀ ਬਣ ਰਹੀਆਂ ਹਨ। ਇਹ ਗੱਲ ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਲਾ ਭਵਨ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ 'ਉਡੀਕਾਂ ਸਾਉਣ ਦੀਆਂ ਸੰਗੀਤ ਤੇ ਨਾਟ ਉਤਸਵ' ਅਧੀਨ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਰੋਤਿਆਂ ਦੇ ਸਨਮੁੱਖ ਕਰਵਾਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਹੇ।

ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਨੂੰ ਮਾਣ ਹੈ ਕਿ ਸ਼ਿਵ ਬਟਾਲਵੀ ਤੇ ਅਮਰਜੀਤ ਗੁਰਦਾਸਪੁਰੀ ਜਿਹੇ ਦੋ ਅਣਮੋਲ ਹੀਰੇ ਸਾਹਿਤ ਤੇ ਕਲਾ ਖੇਤਰ ਨੂੰ ਦਿੱਤੇ। ਉਨ੍ਹਾਂ ਕਿਹਾ, ''ਮੇਰੇ ਲਈ ਨਿੱਜੀ ਖੁਸ਼ੀ ਦੀ ਗੱਲ ਹੈ ਕਿ ਅਮਰਜੀਤ ਗੁਰਦਾਸਪੁਰੀ ਦੇ ਪਿੰਡ ਉਦੋਵਾਲੀ ਵਿਖੇ ਮੇਰੀ ਜ਼ਮੀਨ ਹੈ ਅਤੇ ਇਸ ਪਰਿਵਾਰ ਨਾਲ ਮੇਰੀ ਪੁਰਾਣੀ ਸਾਂਝ ਹੈ।'' ਉਨ੍ਹਾਂ ਕਿਹਾ ਕਿ ਗੰਧਲੀ ਤੇ ਲੱਚਰ ਗਾਇਕੀ ਦੇ ਦੌਰ ਵਿੱਚ ਅਮਰਜੀਤ ਗੁਰਦਾਸਪੁਰੀ ਦੀ ਗਾਇਕੀ ਠੰਡੀ ਹਵਾ ਦਾ ਬੁੱਲ੍ਹਾ ਹੈ ਜਿਸ ਉਪਰ ਸਮੁੱਚੇ ਪੰਜਾਬੀਆਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗਾਇਕੀ, ਰਾਜਨੀਤੀ ਆਦਿ ਹਰ ਖੇਤਰ ਵਿੱਚ ਗਿਰਾਵਟ ਆ ਰਹੀ ਹੈ ਅਤੇ ਇਸ ਸਮੇਂ 'ਚ ਅਜਿਹੀਆਂ ਪਵਿੱਤਰ ਰੂਹਾਂ ਕਾਰਨ ਹੀ ਪੰਜਾਬ ਦੀ ਲੋਕ ਗਾਇਕੀ ਬਚੀ ਹੋਈ ਹੈ।

ਰੰਧਾਵਾ ਨੇ ਇਸ ਮੌਕੇ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਤ ਕੀਤਾ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਨੂੰ ਤਿੰਨ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜਿਸ ਵਿਚੋਂ ਇਕ ਲੱਖ ਰੁਪਏ ਵਿਸ਼ੇਸ਼ ਤੌਰ 'ਤੇ ਨਿੰਦਰ ਘੁਗਿਆਣਵੀ ਵੱਲੋਂ ਅਮਰਜੀਤ ਗੁਰਦਾਸਪੁਰੀ ਦੀ ਜੀਵਨੀ ਉਪਰ ਬਣਾਈ ਡਾਕੂਮੈਂਟਰੀ ਦੇ ਨਵਿਆਉਣ ਲਈ ਦਿੱਤੇ ਜਾਣਗੇ। ਅਮਰਜੀਤ ਗੁਰਦਾਸਪੁਰੀ ਸਰੋਤਿਆਂ ਦੇ ਰੂਬਰੂ ਵੀ ਹੋਏ ਅਤੇ ਆਪਣੀ ਬੁਲੰਦ ਆਵਾਜ਼ ਵਿੱਚ ਹੀਰ ਦੀ ਕਲੀ ਵੀ ਸੁਣਾਈ। 

ਇਸੇ ਮੌਕੇ ਨਿੰਦਰ ਘੁਗਿਆਣਵੀ ਵਲੋਂ ਪ੍ਰੋ. ਗੁਰਭਜਨ ਗਿੱਲ ਦੀ ਪ੍ਰੇਰਨਾ ਦੀ ਨਾਲ ਅਮਰਜੀਤ ਗੁਰਦਾਸਪੁਰੀ ਦੀ ਗਾਇਕੀ ਅਤੇ ਨਾਲ-ਨਾਲ ਉਨ੍ਹਾਂ ਦੇ ਜੀਵਨ 'ਤੇ ਝਾਤ ਮਾਰਦੀ ਬਣਾਈ ਗਈ 50 ਮਿੰਟ ਦੀ ਡਾਕੂਮੈਂਟਰੀ ਵੀ ਦਿਖਾਈ ਗਈ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਤੇ ਲੇਖਕ ਨਿੰਦਰ ਘੁਗਿਆਣਵੀ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ।