ਪੁਸਤਕ ਬੋਲੇ, ਪੁਸਤਕ ਹੱਸਦੀ, ਜਿੰਦਗੀ ਕੀ ਹੈ, ਪੁਸਤਕ ਦੱਸਦੀ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਡੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਛੋਟੀਆਂ ਛੋਟੀਆਂ ਕਿਤਾਬਾਂ ਬਹੁ-ਗਿਣਤੀ ਵਿੱਚ ਉਪਲਭਧ ਹਨ

Book Tell What Is Life

ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ  ਲਾਇਬ੍ਰੇਰੀਆਂ ਵਿੱਚ ਪਈਆਂ ਕਿਤਾਬਾਂ ਗਿਆਨ ਦਾ ਅਮੀਰ ਖਜ਼ਾਨਾ ਹਨ| ਸਾਡੇ  ਸਕੂਲ ਮੁਖੀ ਅਤੇ ਮਿਹਨਤੀ ਅਧਿਆਪਕ ਆਪਣੇ ਵਿਦਿਆਰਥੀਆਂ ਅੰਦਰ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਣ ਦਾ ਸ਼ੌਂਕ ਪੈਦਾ ਕਰ ਰਹੇ ਹਨ। ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ  ਵਿੱਚ ਬਚਪਨ ਤੋਂ ਹੀ ਮਾਤ-ਭਾਸ਼ਾ ਨਾਲ ਜੋੜਨਾ, ਸਾਹਿਤ ਦੀ ਚੇਟਕ ਪੈਦਾ ਕਰਨਾ ਅਤੇ ਉਹਨਾਂ ਦਾ ਬੌਧਿਕ ਪੱਧਰ ਉਚੇਰਾ ਕਰਨ ਪੱਖੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 15 ਜੁਲਾਈ ਤੋਂ 15 ਅਗਸਤ 2019 ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਜਾਰੀ ਕਰਨ ਅਤੇ ਉਨ੍ਹਾਂ ਨੂੰ ਪੜ੍ਹਨ ਦੀ ਇੱਕ ਵਿਸ਼ੇਸ਼ ਮੁਹਿੰਮ  ਚਲਾਈ  ਗਈ ਹੈ|

ਸਕੂਲ ਮੁਖੀਆਂ ਦੁਆਰਾ ਨਿੱਤ ਦਿਨ ਸੋਸ਼ਲ ਮੀਡੀਆ 'ਤੇ ਭੇਜੀਆਂ ਜਾ ਰਹੀਆਂ ਤਸਵੀਰਾਂ ਤੋਂ ਵੀ ਸਪੱਸ਼ਟ ਹੈ ਕਿ ਸਾਡੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਸਾਰੀਆਂ ਹੀ ਕਿਤਾਬਾਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ । ਸੱਚਮੁੱਚ ਇਹ ਰੁਝਾਨ ਕਾਬਿਲੇ ਤਾਰੀਫ਼ ਵੀ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਉਸਾਰੂ ਕਦਮ ਵੀ| ਇਸ ਦੀ ਸਾਨੂੰ ਰੱਜਵੀਂ ਸਲਾਹੁਤਾ ਕਰਨੀ ਵੀ ਚਾਹੀਦੀ ਹੈ।

ਸਾਡੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਛੋਟੀਆਂ ਛੋਟੀਆਂ ਕਿਤਾਬਾਂ ਬਹੁ-ਗਿਣਤੀ ਵਿੱਚ ਉਪਲਭਧ ਹਨ| ਦੇਖਣ ਵਿੱਚ ਆਇਆ ਹੈ ਕਿ ਇਹ ਕਿਤਾਬਾਂ  ਬਹੁਤ ਪੁਰਾਣੇ ਸਮੇਂ ਤੋਂ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਪਈਆਂ ਹਨ| ਵਿਦਿਆਰਥੀ ਇਹਨਾਂ ਕਿਤਾਬਾਂ ਨੂੰ ਪਸੰਦ ਕਰਦੇ ਹਨ ਅਤੇ ਪੜ੍ਹਣਾ ਵੀ ਚਾਹੁੰਦੇ ਹਨ| ਇਹਨਾਂ ਕਿਤਾਬਾਂ ਬਾਰੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਿਤਾਬਾਂ ਜਦੋਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੋਣਗੀਆਂ  ਤਾਂ ਇਹਨਾਂ ਕਿਤਾਬਾਂ ਵਿਚਲਾ ਵਿਸ਼ਾ- ਵਸਤੂ ਵੰਨਗੀ ਭਰਪੂਰ ਹੋਣ ਕਰਕੇ ਹਰ ਪੱਖੋਂ ਸਾਡੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ  ਵੀ ਸਹਾਈ ਹੋਵੇਗਾ| ਮਾਤ-ਭਾਸ਼ਾ ਦੀ ਇਹ ਸਾਡੇ ਲਈ ਇਹ ਵੱਡੀ ਸੇਵਾ ਹੋਵੇਗੀ।

ਇਹ ਆਉਣ ਵਾਲਾ ਇੱਕ ਪੂਰਾ ਮਹੀਨਾ ਆਪਾਂ  ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਨਾਲ ਜੋੜਦੇ ਹੋਏ 'ਲਾਇਬ੍ਰੇਰੀ  ਪੋ੍ਗਰਾਮ' ਨੂੰ ਸਚਮੁੱਚ  ਹਕੀਕਤ ਵਿੱਚ ਬਦਲਦੇ ਹੋਏ ,  ਪਹਿਲਾਂ ਸਫਲ ਰਹੇ ਪ੍ਰੋਗਰਾਮਾਂ ਵਾਂਗੂੰ ਇਸ ਮਹੱਤਵਪੂਰਨ ਕਾਰਜ ਨੂੰ ਵੀ  ਭਰਪੂਰ ਸਫਲਤਾ ਪ੍ਰਦਾਨ ਕਰਵਾਈਏ| ਇਸ ਨਾਲ ਜਿੱਥੇ  ਲਾਇਬ੍ਰੇਰੀ ਵਿੱਚ ਪਈ ਕਿਤਾਬ ਦਾ ਮੁੱਲ ਪਏਗਾ ਉੱਥੇ ਵਿਦਿਆਰਥੀ ਕੋਲ ਸਾਕਾਰਾਤਮਕ ਤੇ ਉਸਾਰੂ ਵਿਚਾਰਾਂ ਦਾ ਸੰਗ੍ਰਿਹ ਵੀ ਹੁੰਦਾ ਜਾਵੇਗਾ| ਆਓ ! ਆਪਾਂ  ਹਰੇਕ ਵਿਦਿਆਰਥੀ ਨੂੰ ਉਸਦੇ ਵਿਦਿਆਰਥੀ ਜੀਵਨ ਵਿੱਚ ਲਾਇਬ੍ਰੇਰੀ ਦੀ ਇੱਕ-ਇੱਕ ਕਿਤਾਬ ਇੱਕ-ਇੱਕ ਵਾਰ ਜ਼ਰੂਰ ਪੜ੍ਹਾਉਣ ਦਾ ਪ੍ਰਣ ਲਈਏ|

ਤੁਹਾਨੂੰ ਸਭ ਨੂੰ ਮੇਰੇ ਵੱਲੋਂ ਇਸ  ਸ਼ੁਭ ਕਾਰਜ ਦੇ ਆਰੰਭ ਲਈ ਸ਼ੁਭ  ਇੱਛਾਵਾਂ !!

ਕਿ੍ਸ਼ਨ ਕੁਮਾਰ, ਆਈ ਏ ਐੱਸ, ਸਕੱਤਰ ਸਕੂਲ ਸਿੱਖਿਆ, ਪੰਜਾਬ