ਭਾਈ ਦਾਦੂਵਾਲ ਹਰਿਆਣਾ ਗੁਰਦਵਾਰਾ ਪ੍ਰਬੰਧਕ ਦੇ ਕਾਰਜਕਾਰੀ ਪ੍ਰਧਾਨ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੇ ਸਾਲ ਪਹਿਲਾਂ ਹੋਂਦ ਵਿਚ ਆਈ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸਿੱਖ ਪ੍ਰਚਾਰਕ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਅਪਣਾ ਕਾਰਜਕਾਰੀ ਪ੍ਰਧਾਨ ਚੁਣ ਲਿਆ।

Photo

ਬਠਿੰਡਾ, 14 ਜੁਲਾਈ (ਸੁਖਜਿੰਦਰ ਮਾਨ): ਛੇ ਸਾਲ ਪਹਿਲਾਂ ਹੋਂਦ ਵਿਚ ਆਈ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸਿੱਖ ਪ੍ਰਚਾਰਕ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਅਪਣਾ ਕਾਰਜਕਾਰੀ ਪ੍ਰਧਾਨ ਚੁਣ ਲਿਆ। ਇਸ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਝੀਂਡਾ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਈ ਦਾਦੂਵਾਲ ਜੋ ਕਿ ਸਰਬੱਤ ਖ਼ਾਲਸਾ ਵਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਵੀ ਹਨ, ਨੇ ਅਹੁਦਾ ਸੰਭਾਲਦਿਆਂ ਹੀ ਕਮੇਟੀ ਦੀ ਕਾਰਜਕਾਰਨੀ ਦੀ ਨਵੇਂ ਸਿਰੇ ਤੋਂ ਚੋਣ ਦਾ ਐਲਾਨ ਕਰ ਦਿਤਾ ਹੈ।

ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ''ਕਮੇਟੀ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਜਿਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।'' ਗੌਰਤਲਬ ਹੈ ਕਿ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ, ਜਿਸ ਨੂੰ ਪਿਛਲੀ ਕਾਂਗਰਸ ਦੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਸਾਲ 2014 ਵਿਚ ਵਿਧਾਨ ਸਭਾ 'ਚ ਬਿੱਲ ਪਾਸ ਕਰ ਕੇ ਹੋਂਦ ਵਿਚ ਲਿਆਂਦਾ ਸੀ, ਹਾਲੇ ਅਦਾਲਤਾਂ ਵਿਚ ਅਪਣੀ ਹੋਂਦ ਬਰਕਰਾਰ ਰੱਖਣ ਲਈ ਲੜਾਈ ਲੜ ਰਹੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਕਮੇਟੀ ਦੇ ਗਠਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਤੁਰਤ ਇਸ ਨੂੰ ਭੰਗ ਕਰਨ ਲਈ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੋਈ ਹੈ। ਸਰਬਉਚ ਅਦਾਲਤ ਨੇ ਇਸ ਮਾਮਲੇ ਵਿਚ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿਤੇ ਹੋਏ ਹਨ ਜਿਸ ਕਾਰਨ ਹਰਿਆਣਾ ਦੀ ਕਮੇਟੀ ਕੋਲ ਅਪਣੇ ਸੂਬੇ ਵਿਚ ਪੈਂਦੇ ਸਿਰਫ਼ ਅੱਧੀ ਦਰਜਨ ਦੇ ਕਰੀਬ ਗੁਰੂ ਘਰ ਹੀ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ ਦੋ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।

ਉਕਤ ਕਮੇਟੀ ਦੀ 41 ਮੈਂਬਰੀ ਕਮੇਟੀ ਨੂੰ ਵੀ ਤਤਕਾਲੀ ਸਰਕਾਰ ਨੇ ਨਾਮਜ਼ਦ ਕੀਤਾ ਸੀ, ਜਿਸ ਵਿਚੋਂ ਮੌਜੂਦਾ ਸਮੇਂ 35 ਮੈਂਬਰ ਇਸ ਨਾਲ ਜੁੜੇ ਹੋਏ ਹਨ। ਜਥੇਦਾਰ ਦਾਦੂਵਾਲ ਨੇ ਦਸਿਆ ਕਿ ਕਮੇਟੀ ਦੀ ਸਮੁੱਚੀ ਕਾਰਜਕਰਨੀ ਦੀ ਚੋਣ ਵਾਸਤੇ 13 ਅਗੱਸਤ ਨੂੰ ਕੀਤੀ ਜਾਵੇਗੀ ਜਿਸ ਲਈ 7 ਅਗੱਸਤ ਤਕ ਨਾਮਜ਼ਦਗੀ ਅਤੇ 9 ਤਕ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ। ਉਧਰ ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਨ 'ਤੇ ਯੂਨਾਈਟਿਡ ਅਕਾਲੀ ਦਲ ਵਲੋਂ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਐਲਾਨ ਕੀਤਾ ਕਿ ਉਹ ਇਮਾਨਦਾਰੀ ਨਾਲ ਗੁਰੂਧਾਮਾਂ ਦੀ ਸੇਵਾ ਕਰਨਗੇ।