ਡੇਰਾ ਸਮਰਥਕ ਮਹਿਲਾ ਨੇ ਖੋਲ੍ਹੇ ਸੌਦਾ ਸਾਧ ਦੀ ਪੌਸ਼ਾਕ ਦੇ ਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੌਸ਼ਾਕ ਸੁਖਬੀਰ ਬਾਦਲ ਨੇ ਤੋਹਫ਼ੇ ਵਜੋਂ ਸੌਦਾ ਸਾਧ ਨੂੰ ਭੇਜੀ ਸੀ

Sauda Sadh

ਸਿਰਸਾ, 14 ਜੁਲਾਈ (ਸੁਰਿੰਦਰ ਪਾਲ ਸਿੰਘ): ਰਾਜਨੀਤੀ ਅਤੇ ਧਰਮ 'ਚ ਦਿਲਚਸਪੀ ਰੱਖਣ ਵਾਲੇ ਇਨਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਰ ਕਿਸਮ ਦੇ ਗੁਨਾਹਾਂ ਨੂੰ ਛੁਪਾਉਣ ਲਈ ਦੁਨੀਆਂ ਤੇ ਧਰਮ ਤੋਂ ਵੱਧ ਕੋਈ ਕਾਰਗਰ ਹਥਿਆਰ ਨਹੀਂ। ਇਸੇ ਹਕੀਕਤ ਅਧੀਨ ਹੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਅਖੌਤੀ ਧਰਮ ਦੇ ਨਾਮ 'ਤੇ ਅਪਣਾ ਸਾਮਰਾਜ ਕਾਇਮ ਕਰ ਲਿਆ ਸੀ ਅਤੇ ਉਹ ਕਿਸੇ ਸਮੇਂ ਵੀ ਸੱਤਾ ਲਈ ਸਿਰਦਰਦੀ ਖੜੀ ਕਰ ਸਕਦਾ ਸੀ, ਇਸੇ ਸਾਜ਼ਸ਼ ਨੂੰ ਭਾਂਪਦਿਆਂ ਰਾਜਨੀਤੀਵਾਨਾਂ ਨੇ ਚਾਂਣਕੀਆ ਨੀਤੀ ਅਧੀਨ ਉਸ ਦੇ ਸਾਮਰਾਜ ਦਾ ਲੱਕ ਇਸ ਤੋੜਿਆ ਤੇ ਉਸ ਨੂੰ ਪੂਰਾ ਅਰਾਮ ਕਰਨ ਲਈ ਜੇਲ ਬਿਠਾ ਦਿਤਾ।

ਹਾਲ ਹੀ 'ਚ ਡੇਰਾ ਵਿੰਗ ਦੀ ਬੁਲਾਰੀ ਬੀਬਾ ਵੀਰਪਾਲ ਕੌਰ ਬਰਗਾੜੀ ਨੇ ਮੀਡੀਆਂ ਮੁਲਾਕਾਤ ਦੌਰਾਨ ਪ੍ਰਗਟਾਵਾ ਕੀਤਾ ਹੈ ਕਿ ਡੇਰੇ ਦੇ ਰਾਜਨੀਤਕ ਵਿੰਗ ਵਲੋਂ ਖੁਲ੍ਹੇ ਅਤੇ ਗੁਪਤ ਰੂਪ ਵਿਚ ਕਿਨ੍ਹਾਂ ਕਿਨ੍ਹਾਂ ਰਾਜਨੀਤਕ ਦਲਾਂ ਦੀ ਕਿਵੇਂ-ਕਿਵੇਂ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਕਿਨ੍ਹਾਂ ਰਾਜਨੀਤੀਵਾਨਾਂ ਨੇ ਜਾਮੇ ਇੰਸਾਂ ਸਮੇਂ ਗੁਰਮੀਤ ਸਿੰਘ ਨੂੰ ਸੁੰਦਰ ਪੌਸ਼ਾਕਾਂ ਦੇ ਕੀਮਤੀ ਤੋਹਫ਼ੇ ਭੇਂਟ ਕੀਤੇ ਸਨ। ਡੇਰੇ ਦੇ ਰਾਜਨੀਤਕ ਕੁਨੈਕਸ਼ਨ ਤੋਂ ਮੁਕਰ ਰਹੇ ਡੇਰਾ ਸਿਰਸਾ ਦੇ ਆਗੂਆਂ ਦੀ ਬਹੁਤੀ ਪੋਲ ਹੁਣ ਵੀਰਪਾਲ ਕੌਰ ਨੇ ਖੋਲ੍ਹ ਦਿਤੀ ਹੈ।

ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਇਕ ਪਾਰਟੀ ਦੇ ਪੱਖ ਵਿਚ ਭੁਗਤੀ ਅਤੇ ਬਹੁਤੀਆਂ ਸੀਟਾਂ 'ਤੇ ਡੇਰਾ ਪ੍ਰੇਮੀਆਂ ਨੂੰ ਇਕ ਪਾਰਟੀ ਦੇ ਪੱਖ ਵਿਚ ਵੋਟ ਪਾਉਣ ਲਈ ਗੁਪਤ ਸੰਦੇਸ਼ ਭੇਜੇ ਗਏ। ਯਾਦ ਰਹੇ ਕਿ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਦੇ ਪੰਜ ਰਾਜਾਂ 'ਤੇ ਬਹੁਤਾ ਹੋਣ ਕਾਰਨ ਇਸ ਦੀ ਪੰਜ ਰਾਜਾਂ ਵਿਚ ਡੇਰੇ ਵਲੋਂ ਸਿਆਸੀ ਵਿੰਗ ਬਣਾਈ ਗਈ ਹੈ।

ਇਨ੍ਹਾਂ ਪੰਜ ਰਾਜਾਂ ਵਿਚ ਡੇਰੇ ਦੇ ਲੱਖਾਂ ਸ਼ਰਧਾਲੂ ਹਨ। ਧਿਆਨਯੋਗ ਹੈ ਕਿ ਡੇਰਾ ਸਿਰਸਾ ਦਾ ਸਾਮਰਾਜ ਕੋਈ ਛੋਟਾ ਸਾਮਰਾਜ ਨਹੀਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਡੇਰੇ ਕੋਲ ਅਥਾਹ ਸੰਪਤੀ ਹੈ। ਡੇਰੇ ਕੋਲ ਦੇਸ਼ ਵਿਚ ਕਰੀਬ 40 ਵੱਡੇ ਮਹਾਂ ਆਸ਼ਰਮ ਹਨ ਅਤੇ 1000 ਤੋਂ ਵੱਧ ਨਾਮ ਚਰਚਾ ਘਰ ਹਨ। ਭਾਵ ਡੇਰੇ ਦੀ ਅਪਣੀ ਹੀ ਇਕ ਅਲੱਗ ਦੁਨੀਆਂ ਹੈ।

ਵੀਰਪਾਲ ਕੌਰ ਨੇ ਸਾਫ਼ ਕਿਹਾ ਹੈ ਕਿ ਇੰਨੇ ਵੱਡੇ ਡੇਰੇ ਦੇ ਸਾਮਰਾਜ ਦੀ ਕਮਾਨ ਅਪਣੇ ਹੱਥ ਲੈਣ ਲਈ ਹਨੀਪ੍ਰੀਤ ਅਤੇ ਡੇਰੇ ਦੇ ਰਾਜਨੀਤਕ ਵਿੰਗ ਵਿਚ ਰੱਸਾ ਕਸ਼ੀ ਜਾਰੀ ਹੈ ਅਤੇ ਹੁਣ ਵੀ ਡੇਰੇ ਵਿਚ ਸੱਭ ਕੁੱਝ ਠੀਕ ਨਹੀਂ ਹੈ। ਸਾਧਵੀ ਯੋਨ ਸ਼ੋਸ਼ਣ ਅਤੇ ਛਤਰਪਤੀ ਹਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆਂ ਜੇਲ ਵਿਚ 20 ਸਾਲ ਲਈ ਬੰਦ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਜਿਸ ਰਾਜਨੀਤਕ ਪਾਰਟੀ ਦੇ ਹੱਕ 'ਚ ਉਹ ਡੱਟ ਕੇ ਭੁਗਤਿਆ ਉਸੇ ਪਾਰਟੀ ਦੇ ਰਾਜ 'ਚ ਉਸ ਨੂੰ ਰਾਜੇ ਤੋਂ ਰੰਕ ਬਣਾ ਦਿਤਾ ਗਿਆ। ਸੱਤਾ ਦੇ ਫੋਕੇ ਥਾਪੜੇ ਕਾਰਨ ਦਿਮਾਗ਼ ਵਿਚ ਦੁਨੀਆਂ ਭਰ ਦਾ ਸਟਾਰ ਬਣਨ ਦੀ ਲਾਲਸਾ ਰੱਖਣ ਵਾਲਾ ਸੌਦਾ ਸਾਧ ਸ਼ਾਇਦ ਇਹ ਭੁੱਲ ਗਿਆ ਸੀ ਕਿ ਰਾਜਨੀਤੀ ਦੇ ਅਸਲੀ ਅਰਥ ਹੋਰ ਹੁੰਦੇ ਹਨ?