ਪਰਮਜੀਤ ਸਿੰਘ ਪੰਮਾ ਦੇ ਘਰ ਜਾ ਕੇ ਐੱਨਆਈਏ ਨੇ ਕੀਤੀ ਪੁੱਛ ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੈਫਰੈਂਡਮ 2020 ਦੇ ਹਮਾਇਤੀਆਂ ਅਤੇ ਵਿਦੇਸ਼ਾਂ ਵਿਚ ਸਰਗਰਮ ਆਗੂਆਂ ਦੇ ਘਰ ਐਨਆਈਏ ਵਲੋਂ ਪਹੁੰਚ ਕੀਤੀ ਜਾ ਰਹੀ ਹੈ।

Paramjit Singh Pamma

ਐਸ.ਏ.ਐਸ.ਨਗਰ,14ਜੁਲਾਈ (ਸੁਖਦੀਪ ਸਿੰਘ ਸੋਈ): ਰੈਫਰੈਂਡਮ 2020 ਦੇ ਹਮਾਇਤੀਆਂ ਅਤੇ ਵਿਦੇਸ਼ਾਂ ਵਿਚ ਸਰਗਰਮ ਆਗੂਆਂ ਦੇ ਘਰ ਐਨਆਈਏ ਵਲੋਂ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਲੰਡਨ ਵਿਚ ਰਹਿ ਰਹੇ ਪਰਮਜੀਤ ਸਿੰਘ ਪੰਮਾ ਦੇ ਘਰ ਫੇਸ 3ਬੀ2 ਵਿਚ ਪਹੁੰਚ ਕੇ ਪੁੱਛ ਪੜਤਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ 10.30 ਸਵੇਰ ਵੇਲੇ ਲਗਭਗ 12 ਅਧਿਕਾਰੀ ਮੋਹਾਲੀ ਪੁਲਿਸ ਦੀ ਟੀਮ ਨਾਲ ਉਨ੍ਹਾਂ ਦੇ ਘਰ ਪਹੁੰਚੇ।

ਪੰਮੇ ਦੀ ਮਾਤਾ ਰਤਨ ਕੌਰ ਅਤੇ ਪਿਤਾ ਅਮਰੀਕ ਸਿੰਘ ਨੇ ਦਸਿਆ ਕਿ ਟੀਮ ਲਗਭਗ 10.30 ਤੋਂ ਚਾਰ ਵਜੇ ਤਕ ਉਨ੍ਹਾਂ ਦੇ ਘਰ ਰਹਿ ਕੇ ਫਰੋਲਾ-ਫਰਾਲੀ ਕਰਦੀ ਰਹੀ। ਐਨਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੀ ਬਰੀਕੀ ਨਾਲ ਛਾਣਬੀਨ ਕੀਤੀ ਅਤੇ ਬੈਂਕ ਖ਼ਾਤੇ ਐਫਡੀ ਖਾਤੇ ਵੀ ਨੋਟ ਕਰ ਕੇ ਲੈ ਗਏ। ਮਾਤਾ ਰਤਨ ਕੌਰ ਨੇ ਦਸਿਆ ਕਿ ਉਹ 2015 ਵਿਚ ਪੁਰਤਗਾਲ ਜੇਲ੍ਹ ਵਿਚ ਪੰਮੇ ਨੂੰ ਮਿਲ ਕੇ ਆਈ ਸੀ।

ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀਆਂ ਚਾਰ ਧੀਆਂ ਪੁੱਤਰ ਹਨ, ਜਿਨ੍ਹਾਂ ਵਿਚੋਂ ਇਕ ਲੜਕਾ ਪਰਮਿੰਦਰ ਸਿੰਘ ਰਾਜਾ ਨੂੰ ਸਾਲ 1991 ਵਿਚ ਪੁਲਿਸ ਨੇ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ ਅਤੇ ਪਰਮਜੀਤ ਸਿੰਘ ਪੰਮਾ ਨੂੰ 1991 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਦਸ ਮਹੀਨੇ ਸੰਗਰੂਰ ਜੇਲ ਰਿਹਾ। ਪੰਮਾ ਇਸ ਸਮੇਂ ਇੰਗਲੈਂਡ ਵਿਚ ਅਪਣੇ ਪਰਵਾਰ ਨਾਲ ਰਹਿ ਰਿਹਾ ਹੈ। ਉਸ ਨੂੰ ਕੁਝ ਸਮਾਂ ਪਹਿਲਾਂ ਵੀ ਪੰਜਾਬ ਪੁਲਿਸ ਦੀ ਟੀਮ ਫੜਨ ਗਈ ਸੀ ਪਰ ਕੁੱਝ ਕਾਰਨਾਂ ਕਰ ਕੇ ਉਸ ਦੀ ਗ੍ਰਿਫ਼ਤਾਰ ਨਹੀਂ ਕਰ ਸਕੀ।