ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਸਬੰਧ 'ਚ ਵਿਧਾਇਕ ਸੰਧਵਾਂ ਵਲੋਂ ਅਕਾਲ ਤਖ਼ਤ 'ਤੇ ਜਾਣ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੌਦਾ ਸਾਧ ਦੀ ਮਾਫ਼ੀ ਸਹੀ ਠਹਿਰਾਉਣ ਲਈ ਖ਼ਰਚੇ ਗਏ 90 ਲੱਖ ਰੁਪਏ : ਸੰਧਵਾਂ

Kultar Singh Sandhwan

ਕੋਟਕਪੂਰਾ, 14 ਜੁਲਾਈ (ਗੁਰਿੰਦਰ ਸਿੰਘ) : ਤਤਕਾਲੀਨ ਬਾਦਲ ਸਰਕਾਰ ਨੇ ਚੰਦ ਵੋਟਾਂ ਖਾਤਰ ਸਿੱਖ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਢਾਹ ਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਵਿਚਾਰ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਿਨ ਮੰਗੀ ਮਾਫ਼ੀ ਦੇਣ, ਦਿਵਾਉਣ ਵਾਲੇ ਅਤੇ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਸੱਦ ਕੇ ਮਾਫ਼ੀ ਦਾ ਸਵਾਗਤ ਕਰਨ ਅਤੇ ਇਸ ਦੀ ਪ੍ਰੋੜਤਾ ਕਰਨ ਅਰਥਾਤ ਸਹੀ ਠਹਿਰਾਉਣ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਲਵਾਉਣ ਵਾਲੇ ਲੋਕਾਂ ਨੂੰ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਤਨਖਾਹੀਆ ਕਰਾਰ ਦਿਤਾ ਜਾਵੇ।

ਇਸ ਸਬੰਧੀ ਉਹ ਜਲਦ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਸੌਂਪਣਗੇ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ 24 ਸਤੰਬਰ 2015 ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧੀ 29 ਸਤੰਬਰ 2015 ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਸੱਦ ਕੇ ਇਸ ਫ਼ੈਸਲੇ ਦੀ ਪ੍ਰੋੜ੍ਹਤਾ ਕੀਤੀ ਗਈ ਸੀ ਅਤੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਨੂੰ ਅਕਾਲ ਤਖ਼ਤ ਦੇ ਫ਼ੈਸਲੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ ਸੀ।

ਕਾਹਲੀ 'ਚ ਸੱਦੇ ਇਸ ਜਨਰਲ ਇਜਲਾਸ 'ਚ 50-55 ਮੈਂਬਰ ਹੀ ਹਾਜ਼ਰ ਹੋਏ ਸਨ ਅਤੇ ਕੁਝ ਮੈਂਬਰਾਂ ਦੀ ਫੋਨ 'ਤੇ ਰਜ਼ਾਮੰਦੀ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਲਗਭਗ 75 ਮੈਂਬਰਾਂ ਦੀ ਸਹਿਮਤੀ ਦਾ ਦਾਅਵਾ ਕੀਤਾ ਗਿਆ ਸੀ। ਇਸੇ ਫ਼ੈਸਲੇ ਦੇ ਆਧਾਰ 'ਤੇ ਅਕਾਲ ਤਖ਼ਤ ਵਲੋਂ ਕੀਤੇ ਗਏ ਫ਼ੈਸਲੇ ਦੇ ਹੱਕ 'ਚ ਲਗਭਗ 90 ਲੱਖ ਰੁਪਏ ਤੋਂ ਵਧੇਰੇ ਰਕਮ ਦੇ ਅਖ਼ਬਾਰਾਂ 'ਚ ਇਸ਼ਤਿਹਾਰ ਵੀ ਦਿਤੇ ਗਏ ਸਨ, ਜਿਸ 'ਚ ਡੇਰਾ ਮੁਖੀ ਦੀ ਮਾਫ਼ੀ ਨੂੰ ਜਾਇਜ਼ ਠਹਿਰਾਇਆ ਗਿਆ ਸੀ।